ਸੈਸ਼ਨ ’ਚ ਸੀਐਮ ਮਾਨ ਨੇ ਰਗੜੇ ਵਿਰੋਧੀ, ਸਾਬਕਾ ਸੀਐਮ ਨੂੰ ਕੀਤਾ ਸਵਾਲ, ਚੰਨੀ ਸਾਬ੍ਹ ਭੱਜ ਕਿਉਂ ਗਏ?

 ਸੈਸ਼ਨ ’ਚ ਸੀਐਮ ਮਾਨ ਨੇ ਰਗੜੇ ਵਿਰੋਧੀ, ਸਾਬਕਾ ਸੀਐਮ ਨੂੰ ਕੀਤਾ ਸਵਾਲ, ਚੰਨੀ ਸਾਬ੍ਹ ਭੱਜ ਕਿਉਂ ਗਏ?

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਦਿਆਂ ਕਿਹਾ ਕਿ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਚੰਨੀ ਕਿੱਥੇ ਚਲੇ ਗਏ ਹਨ? ਉਹਨਾਂ ਵੱਲੋਂ ਸਾਈਨ ਕੀਤੀਆਂ ਗਈਆਂ ਬਹੁਤ ਸਾਰੀਆਂ ਵਿਵਾਦਤ ਫਾਈਲਾਂ ਮੇਰੇ ਕੋਲ ਆਉਂਦੀਆਂ ਹਨ ਤੇ ਮੈਂ ਉਹਨਾਂ ਫਾਈਲਾਂ ਬਾਰੇ ਪੁੱਛਣਾ ਚਾਹੁੰਦਾ ਹਾਂ।

ਸੀਐਮ ਨੇ ਕਿਹਾ ਕਿ, ਕੁਝ ਫਾਈਲਾਂ ਇਸ ਤਰ੍ਹਾਂ ਦੀਆਂ ਹਨ ਜਿਹਨਾਂ ਦਾ ਫ਼ੈਸਲਾ ਕਾਰਜਕਾਲ ਦੇ ਅਖ਼ੀਰਲੇ ਦਿਨਾਂ ਵਿੱਚ ਕੀਤਾ ਗਿਆ ਤੇ ਕੁਝ ਅਜਿਹੀਆਂ ਹਨ ਜੋ Post-dated ਤੇ Pre-dated ਵੀ ਸਨ। ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਸਾਬਕਾ ਮੰਤਰੀ ਕੀ ਹੁਣ ਸੱਤਾ ਟਰਾਂਸਫਰ ਲਈ ਵੀ ਨਹੀਂ ਮਿਲ ਸਕਦੇ? ਮਾਨ ਨੇ ਤੰਜ ਕੱਸਦਿਆਂ ਆਖਿਆ ਕਿ ਅਜਿਹਾ ਤਾਂ ਪਾਕਿਸਤਾਨ ਦੀ ਸੱਤਾ ‘ਚ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਹੱਟਣ ਮਗਰੋਂ ਜਾਂ ਤਾਂ ਉਹ ਭੱਜ ਜਾਂਦੇ ਹਨ ਜਾਂ ਉਨ੍ਹਾਂ ਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਚੀਜ਼ ਮੈਂ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਦਾ ਕਿ ਚੰਨੀ ਸਾਬ੍ਹ ਭੱਜ ਕਿਉਂ ਗਏ? ਮਾਨ ਨੇ ਕਿਹਾ ਕਿ ਕੋਈ ਦੱਸ ਰਿਹਾ ਉਹ ਕੇਨੈਡਾ ਨੇ, ਕੋਈ ਕਹਿ ਰਿਹਾ ਉਹ ਅਮਰੀਕਾ ਨੇ ਪਰ ਹੁਣ ਤੱਕ ਵੀ ਨਹੀਂ ਪਤਾ ਲੱਗਾ ਕਿ ਉਹ ਅਸਲ ‘ਚ ਕਿੱਥੇ ਹਨ। ਮਾਨ ਨੇ ਕਿਹਾ ਕਿ ਬਹੁਤ ਸਾਬਕਾ ਮੁੱਖ ਮੰਤਰੀ ਇੱਥੇ ਰਹਿੰਦੇ ਹਨ ਪਰ ਜਦੋਂ ਕੋਈ ਭੱਜਦਾ ਹੈ ਤਾਂ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਨੇ ਕੁਝ ਗ਼ਲਤ ਕੀਤਾ ਹੈ।

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਇਜਲਾਸ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਸਦਨ ‘ਚੋਂ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ। ਉਧਰ, ਸਦਨ ‘ਚੋਂ ਵਾਕਆਊਟ ਤੋਂ ਬਾਅਦ ਭਾਜਪਾ ਵੱਲੋਂ ਸੈਕਟਰ 37 ‘ਚ ਜਨਤਾ ਦੀ ਵਿਧਾਨ ਸਭਾ ਸ਼ੁਰੂ ਕਰ ਦਿੱਤੀ ਗਈ ਹੈ।

ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਅੱਜ ਬਾਹਰ ਆਪਣੀ ਖਿਆਲੀ ਵਿਧਾਨ ਸਭਾ ਲਾਈ ਹੋਈ ਹੈ। ਉਸ ਦੇ ਸਪੀਕਰ ਨੇ ਅਜੈਬ ਸਿੰਘ ਭੱਟੀ, ਬਾਕੀ ਮੰਤਰੀ ਮੰਡਲ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਚੁਣ ਲਿਆ ਜਾਵੇ। ਉਨ੍ਹਾਂ ਇਸ ਨੂੰ ਡਰਾਮਾ ਦੱਸਿਆ। ਪੰਜਾਬ ਵਿਧਾਨ ਸਭਾ ਦੌਰਾਨ ਕਾਂਗਰਸ ਵੱਲੋਂ ਕੀਤੇ ਗਏ ਹੰਗਾਮੇ ‘ਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਕਿਹਾ ਕਿ ਸ਼ਾਇਦ ‘ਆਪ੍ਰੇਸ਼ਨ ਲੌਟਸ’ ਦੇ ਫੇਲ ਹੋਣ ਨਾਲ ਪ੍ਰਤਾਪ ਸਿੰਘ ਬਾਜਵਾ ਨੂੰ ਕੋਈ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੇ ਤੌਰ ਉਤੇ ਕਿਹਾ ਕਿ ਇਸ ਦੇ ਨਾਲ ਸਾਬਤ ਹੁੰਦਾ ਹੈ ਕਿ ਦਾਲ ‘ਚ ਕੁਝ ਕਾਲਾ ਨਹੀਂ ਸਗੋਂ ਪੂਰੀ ਦਾਲ ਹੀ ਕਾਲੀ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦਾ ਵਿਧਾਨ ਸਭਾ ‘ਚ ਕੀਤੇ ਜਾਣ ਵਾਲਾ ਵਤੀਰਾ ਬੇਹੱਦ ਨਿੰਦਣਯੋਗ ਹੈ।

ਮਾਨ ਨੇ ਕਿਹਾ ਕਿ ਲੋਕਾਂ ਨੇ ਸਾਡੇ ਉਤੇ ਵਿਸ਼ਵਾਸ ਕੀਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਲੋਕਾਂ ਦਾ ਵਿਸ਼ਵਾਸ ਸਾਡੇ ਨਾਲ ਪਰ ਇਹ ਸਾਨੂੰ ਦੱਸਣ ਕਿਉਂ ਨਹੀਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੰਦਰ ਖਾਤੇ ਕਾਂਗਰਸ ਵੀ ਭਾਜਪਾ ਨਾਲ ਰਲੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਪਹਿਲਾਂ ਆਪਣਾ ਘਰ ਸੰਭਾਲਣਾ ਚਾਹੀਦਾ ਹੈ। ਇਹ ਲੋਕ ਭਾਰਤ ਜੋੜਨ ਦੀ ਗੱਲ ਕਰਦੇ ਹਨ ਪਰ ਰਾਜਸਥਾਨ ਸਾਂਭਿਆ ਨਹੀਂ ਜਾਂਦਾ। ਉਨ੍ਹਾਂ ਕਿਹਾ ਕਾਂਗਰਸ ਦੀ ਯਾਤਰਾ ਉਨ੍ਹਾਂ ਰਾਜਾਂ ਵਿੱਚ ਨਹੀਂ ਜਾ ਰਹੀ ਜਿੱਥੇ ਚੋਣਾਂ ਹਨ, ਇਹ ਭਾਜਪਾ ਨੂੰ ਜਿਤਾਉਣਾ ਚਾਹੁੰਦੇ ਹਨ।

 

Leave a Reply

Your email address will not be published.