ਸੁੱਚਾ ਸਿੰਘ ਲੰਗਾਹ ਦੀ ਪੰਥ ਵਾਪਸੀ! ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੁੱਚਾ ਸਿੰਘ ਲੰਗਾਹ ਤਨਖਾਹੀਆ ਕਰਾਰ

 ਸੁੱਚਾ ਸਿੰਘ ਲੰਗਾਹ ਦੀ ਪੰਥ ਵਾਪਸੀ! ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੁੱਚਾ ਸਿੰਘ ਲੰਗਾਹ ਤਨਖਾਹੀਆ ਕਰਾਰ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਥ ਚੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਤਨਖ਼ਾਹੀਆ ਕਰਾਰ ਦਿੰਦੇ ਹੋਏ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਹੈ। ਸੁੱਚਾ ਸਿੰਘ ਲੰਗਾਹ ਨੂੰ 21 ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਬਰਤਨ ਸਾਫ਼ ਕਰਨ, ਪਰਿਕਰਮਾ ਵਿੱਚ ਬੈਠ ਕੇ ਪਾਠ, ਪਰਿਕਰਮਾ ਵਿੱਚ ਬੈਠ ਕੇ ਕੀਰਤਨ ਸਰਵਣ ਕਰਨ ਅਤੇ ਢਾਡੀ ਸਿੰਘਾਂ ਦੇ ਜਥਿਆਂ ਨੂੰ ਲੰਗਰ ਛਕਾਉਣ ਦਾ ਆਦੇਸ਼ ਜਾਰੀ ਕੀਤਾ ਗਿਆ।

ਇਸ ਦੌਰਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸੇਵਾ ਦੌਰਾਨ ਨਾ ਤਾਂ ਉਹ ਕਿਸੇ ਨਾਲ ਗੱਲ ਕਰਨਗੇ ਅਤੇ ਨਾ ਹੀ ਸੇਵਾ ਕਰਨ ਦਾ ਦਿਖਾਵਾ ਕਰਨਗੇ। ਉਹਨਾਂ ਅੱਗੇ ਕਿਹਾ ਕਿ ਲੰਗਾਹ ਕਿਸੇ ਵੀ ਇੱਕ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਆਉਣ, ਜਿਹੜੇ ਵੀ ਢਾਡੀ ਜਥੇ ਉਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਲੱਗੇ ਹੋਣਗੇ, ਉਹ ਭਾਵੇਂ ਚਾਰ ਹੋਣ ਜਾਂ ਪੰਜ ਉਹਨਾਂ ਨੂੰ ਇਕੱਲੇ-ਇਕੱਲੇ ਜਥੇ ਨੂੰ 5100 ਰੁਪਏ ਭੇਟ ਕਰਨਗੇ।

ਉਸ ਦਿਨ ਲੰਗਾਹ ਘਰੋਂ ਪਰਸ਼ਾਦਾ ਤਿਆਰ ਕਰਕੇ ਲਿਆਉਣਗੇ ਅਤੇ ਢਾਡੀ ਜਥਿਆਂ ਨੂੰ ਲੰਗਰ ਛਕਾਉਣਗੇ ਅਤੇ ਉਹਨਾਂ ਦੇ ਜੂਠੇ ਬਰਦਨ ਵੀ ਸਾਫ਼ ਕਰਨਗੇ। ਇਸ ਧਾਰਮਿਕ ਸਜ਼ਾ ਵਿੱਚ ਕਿਹਾ ਗਿਆ ਹੈ ਕਿ ਲੰਗਾਹ ਰਾਜਨੀਤੀ ਵਿੱਚ ਵਿਚਰ ਸਕਦੇ ਹਨ ਪਰ ਉਹ ਪੰਜ ਸਾਲ ਤੱਕ ਕਿਸੇ ਵੀ ਗੁਰਦੁਆਰਾ ਕਮੇਟੀ ਦੇ ਮੈਂਬਰ ਨਹੀਂ ਬਣ ਸਕਣਗੇ।

ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪੰਥ ਵਿਚ ਮੁਆਫ਼ੀ ਦੀਆਂ ਲਗਾਤਾਰ ਚਾਰਾਜੋਈਆਂ ਕਰ ਰਹੇ ਸੁੱਚਾ ਸਿੰਘ ਲੰਗਾਹ ਨੇ ਸੰਗਤ ਵੱਲ ਮੂੰਹ ਕਰਕੇ ਆਪਣੇ ਵਲੋਂ ਹੋਏ ਬਜਰ ਗੁਨਾਹ ਦੀ ਗ਼ਲਤੀ ਮੰਨੀ ਹੈ। ਸ੍ਰੀ ਅਕਾਲ ਸਾਹਿਬ ਦੀ ਫਸੀਲ ’ਤੇ ਖੜ੍ਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੰਗਾਹ ਤੋਂ ਪੁੱਛਿਆ ਕਿ ਉਹ ਆਪਣੇ ਵਲੋਂ ਕੀਤੇ ਗਏ ਬਜਰ ਗੁਨਾਹ ਦੀ ਗ਼ਲਤੀ ਮੰਨਦੇ ਹਨ, ਜਿਸ ’ਤੇ ਲੰਗਾਹ ਨੇ ਆਪਣੀ ਗ਼ਲਤੀ ਮੰਨਦਿਆਂ ਸੰਗਤ ਵੱਲ ਮੂੰਹ ਕਰਕੇ ਪੰਜ ਵਾਰ ਮੁਆਫ਼ੀ ਮੰਗੀ।

ਦੱਸ ਦਈਏ ਕਿ ਸੁੱਚਾ ਸਿੰਘ ਲੰਗਾਹ ਦੀ ਇੱਕ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਇੱਕ ਔਰਤ ਨੇ ਲੰਗਾਹ ਤੇ ਜਬਰ-ਜ਼ਨਾਹ ਦਾ ਇਲਜ਼ਾਮ ਲਾਇਆ ਸੀ। ਔਰਤ ਦੀ ਸ਼ਿਕਾਇਤ ਤੇ ਲੰਗਾਹ ਖਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿੱਚ 2017 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਔਰਤ ਨੇ ਇਲਜ਼ਾਮ ਲਾਇਆ ਕਿ ਲੰਗਾਹ ਨੇ ਧੋਖੇ ਨਾਲ ਉਸ ਦੀ ਜਾਇਦਾਦ ਵੇਚ ਦਿੱਤੀ ਸੀ।

ਸ਼ਿਕਾਇਤ ਤੇ ਲੰਗਾਹ ਖਿਲਾਫ਼ 376, 384, 420 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਅਦਾਲਤ ਨੇ ਲੰਗਾਹ ਨੂੰ ਕੇਸ ਵਿਚੋਂ ਬਾਇੱਜ਼ਤ ਬਰੀ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਗੁਰਬਾਣੀ ਦੀਆਂ ਲਗਾਂ ਮਾਤਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਸਿੰਘ ਸਾਹਿਬਾਨ ਵਲੋਂ ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿਚੋਂ ਖ਼ਾਰਜ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਗਿਆ। ਥਮਿੰਦਰ ਸਿੰਘ ਆਨੰਦ ਦੇ ਦੋ ਸਾਥੀਆਂ ਰਜਵੰਤ ਸਿੰਘ ਤੇ ਭਜਨੀਕ ਸਿੰਘ ਨੂੰ ਵੀ ਕ੍ਰਮਵਾਰ 11 ਦਿਨ ਤੇ ਸੱਤ ਦਿਨ ਦੀ ਧਾਰਮਕ ਤਨਖਾਹ ਲਗਾਈ ਗਈ ਹੈ।

Leave a Reply

Your email address will not be published. Required fields are marked *