ਸੁਲਤਾਨਪੁਰ ਲੋਧੀ ਵਿੱਚ ਬਿਜਲੀ ਦਫ਼ਤਰ ‘ਚ ਲੁਟੇਰਿਆਂ ਨੇ ਮਾਰਿਆ ਡਾਕਾ, ਕੀਤੀ ਲੱਖਾਂ ਦੀ ਚੋਰੀ

 ਸੁਲਤਾਨਪੁਰ ਲੋਧੀ ਵਿੱਚ ਬਿਜਲੀ ਦਫ਼ਤਰ ‘ਚ ਲੁਟੇਰਿਆਂ ਨੇ ਮਾਰਿਆ ਡਾਕਾ, ਕੀਤੀ ਲੱਖਾਂ ਦੀ ਚੋਰੀ

ਸੁਲਤਾਨਪੁਰ ਲੋਧੀ ਵਿਖੇ ਲੁਟੇਰਿਆਂ ਨੇ ਅੱਧੀ ਰਾਤ ਬਿਜਲੀ ਦਫ਼ਤਰ ਵਿੱਚ ਡਾਕਾ ਮਾਰਿਆ ਹੈ। ਇਥੋਂ ਤਕਰੀਬਨ 5 ਕਿਲੋਮੀਟਰ ਦੂਰੀ ਤੇ ਬਿਜਲੀ ਦੇ ਗਰਿੱਡ ਸਟੇਸ਼ਨ ਪਿੰਡ ਝੱਲ ਲੇਏ ਵਾਲਾ ਵਿੱਚੋਂ ਅਣਪਛਾਤੇ ਲੁਟੇਰਿਆਂ ਵੱਲੋਂ ਬਿਜਲੀ ਮਹਿਕਮੇ ਦੇ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਨੂੰ ਰੱਸੀ ਨਾਲ ਬੰਨ੍ਹ ਕੇ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰ ਲਿਆ।

ਜਾਣਕਾਰੀ ਮੁਤਾਬਕ ਗਰਿੱਡ ਸਟੇਸ਼ਨ ਵਿੱਚੋਂ ਲੁਟੇਰਿਆਂ ਨੇ ਕਰੀਬ 3 ਤੋਂ 4 ਲੱਖ ਰੁਪਏ ਦੀਆਂ ਤਾਂਬੇ ਦੀਆਂ ਤਾਰਾਂ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਬਿਜਲੀ ਦੇ ਗਰਿੱਡ ਸਟੇਸ਼ਨ ਤੇ ਹੋਈ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਜਲੀ ਕਰਮਚਾਰੀ ਰਾਜ ਕੁਮਾਰ ਪੁੱਤਰ ਚਰਨਦਾਸ ਵਾਸੀ ਖੈੜਾ ਦੋਨਾ ਨੇ ਦੱਸਿਆ ਕਿ ਉਹ ਇੱਥੇ ਬਤੌਰ ਐਸਐਸਏ ਡਿਊਟੀ ਨਿਭਾ ਰਿਹਾ ਹੈ ਅਤੇ ਜਸਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਸੁਲਤਾਨਪੁਰ ਲੋਧੀ ਇੱਥੇ ਬਤੌਰ ਸਕਿਓਰਿਟੀ ਗਾਰਡ ਸੇਵਾ ਨਿਭਾ ਰਿਹਾ ਹੈ।

ਉਹਨਾਂ ਦੱਸਿਆ ਕਿ ਬੀਤੀ ਸ਼ਾਮ 5 ਵਜੇ ਉਹ ਆਪਣੀ ਡਿਊਟੀ ਤੇ ਹਾਜ਼ਰ ਸਨ ਅਤੇ ਰਾਤ ਕਰੀਬ 12 ਵਜੇ ਗਰਿੱਡ ਸਟੇਸ਼ਨ ਦੇ ਪਿਛਲੇ ਦਰਵਾਜੇ ਰਾਹੀਂ 5-6 ਨਕਾਬਪੋਸ਼ ਲੁਟੇਰੇ ਕੰਟਰੋਲ ਰੂਮ ਵਿੱਚ ਦਾਖ਼ਲ ਹੋਏ, ਜਿਹਨਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ ਅਤੇ ਉਹਨਾਂ ਦੀ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਇੱਕ ਰੱਸੀ ਨਾਲ ਉਹਨਾਂ ਦੋਹਾਂ ਨੂੰ ਲੁਟੇਰਿਆਂ ਨੇ ਬੰਨ੍ਹ ਦਿੱਤਾ ਅਤੇ ਉਹਨਾਂ ਦੇ ਮੋਬਾਇਲ ਖੋਹ ਲਏ।

ਉਹਨਾਂ ਹੋਰ ਦੱਸਿਆ ਕਿ ਗਰਿੱਡ ਦਾ ਸਰਕਾਰੀ ਫੋਨ ਵੀ ਖੋਹ ਕੇ ਕੰਧ ਵਿੱਚ ਮਾਰ ਕੇ ਤੋੜ ਦਿੱਤਾ ਅਤੇ ਉਹਨਾਂ ਦੀ ਕੁੱਟਮਾਰ ਕਰਦੇ ਹੋਏ ਜਾਨੋਂ-ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਉਹਨਾਂ ਦੱਸਿਆ ਕਿ 2 ਬੰਦੇ ਉਹਨਾਂ ਦੀ ਨਿਗਰਾਨੀ ਲਈ ਉਹਨਾਂ ਕੋਲ ਹਥਿਆਰਾਂ ਸਮੇਤ ਬੈਠੇ ਰਹੇ। ਕਰੀਬ 4 ਵਜੇ ਬਾਕੀ ਬੰਦੇ ਗਰਿੱਡ ਸਟੇਸ਼ਨ ਦੀ ਫਰੋਲਾ ਫਰਾਲੀ ਕਰਦੇ ਰਹੇ ਅਤੇ ਤੜਕੇ ਸਵਾ 3 ਵਜੇ ਦੇ ਕਰੀਬ ਉਹ ਉਹਨਾਂ ਨੂੰ ਬੰਨ੍ਹਿਆ ਹੋਇਆ ਛੱਡ ਕੇ ਚਲੇ ਗਏ।

ਜਾਂਚ ਲਈ ਪੁੱਜੇ ਗਰਿੱਡ ਦੇ ਇੰਚਾਰਜ ਜੇਈ ਡੇਵਿਡ ਬਵੇਜਾ ਨੇ ਦੱਸਿਆ ਕਿ ਲੁਟੇਰੇ ਗਰਿੱਡ ਦੇ ਸਟੋਰਾਂ ਦੇ ਦਰਵਾਜ਼ੇ ਤੋੜ ਕੇ ਅੰਦਰ ਪਈਆਂ ਤਾਂਬੇ ਦੀਆਂ ਤਾਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 4 ਲੱਖ ਰੁਪਏ ਦੇ ਲਗਭਗ ਬਣਦੀ ਹੈ। ਪੁਲਿਸ ਨੇ ਭਰੋਸਾ ਦਿੱਤਾ ਕਿ ਬਹੁਤ ਜਲਦ ਚੋਰ ਗਿਰੋਹ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *