ਸੁਰੱਖਿਆ ਬਲਾਂ ਨੇ ਸਰਹੱਦ ’ਤੇ ਹੈਰੋਇਨ ਦੇ 25 ਪੈਕੇਟ ਕੀਤੇ ਜ਼ਬਤ, ਸਰਚ ਆਪਰੇਸ਼ਨ ਕੀਤਾ ਸ਼ੁਰੂ

ਨਸ਼ਾ ਤਸਕਰਾਂ ਨੇ ਪਾਕਿਸਤਾਨ ਤੋਂ ਹੈਰੋਇਨ ਦੀ ਵੱਡੀ ਖੇਪ ਸਰਹੱਦ ਰਾਹੀਂ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਹੈ। ਪਰ ਬੀਐਸਐਫ ਨੇ ਤਸਕਰਾਂ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਸੁਰੱਖਿਆ ਬਲਾਂ ਨੇ 25 ਪੈਕੇਟ ‘ਹੈਰੋਇਨ’ ਜ਼ਬਤ ਕੀਤੀ ਹੈ। ਜਾਣਕਾਰੀ ਮੁਤਾਬਕ ਪੰਜਾਬ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ’ਤੇ 20 ਤੇ 21 ਦਸੰਬਰ ਦੀ ਦਰਮਿਆਨੀ ਰਾਤ ਦੌਰਾਨ ਕਾਫ਼ੀ ਸਰਗਰਮੀ ਰਹੀ।
ਬੀਐਸਐਫ ਨੇ ਜਿੱਥੇ ਅੰਮ੍ਰਿਤਸਰ ਨੇੜੇ ਪਾਕਿਸਤਾਨੀ ਡਰੋਨ ਨੂੰ ਡੇਗਿਆ ਉੱਥੇ ਹੀ ਤਸਕਰਾਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਫਾਜ਼ਿਲਕਾ ਖੇਤਰ ਵਿੱਚ ਵਾੜ ਦੇ ਨੇੜੇ 25 ਪੈਕੇਟ ‘ਹੈਰੋਇਨ’ ਜ਼ਬਤ ਕੀਤੇ। ਇਸ ਸਬੰਧੀ ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਜਵਾਨਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਗੱਟੀ ਅਜਾਇਬ ਸਿੰਘ ਨੇੜੇ ਪੈਂਦੇ ਖੇਤਰ ਵਿੱਚ ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਤਸਕਰਾਂ ਦੀ ਹਰਕਤ ਵੇਖੀ।
ਜਵਾਨਾਂ ਨੇ ਤੁਰੰਤ ਸਰਹੱਦੀ ਵਾੜ ਦੇ ਅੱਗੇ ਪਾਕਿਸਤਾਨੀ ਤਸਕਰਾਂ ‘ਤੇ ਗੋਲੀਬਾਰੀ ਕੀਤੀ। ਸੰਘਣੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤਸਕਰ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਤੇ ਪੁਲਿਸ ਤੇ ਹੋਰ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ।
ਤਲਾਸ਼ੀ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਪੀਲੀ ਟੇਪ ਵਿੱਚ ਲਪੇਟੇ 4 ਪੈਕੇਟ ਬਰਾਮਦ ਕੀਤੇ ਜਿਨ੍ਹਾਂ ’ਚ ਹੈਰੋਇਨ ਹੋਣ ਦ ਸ਼ੱਕ ਹੈ। ਤਲਾਸ਼ੀ ਦੌਰਾਨ ਜਵਾਨਾਂ ਨੇ ਸਰਹੱਦੀ ਵਾੜ ਦੇ ਅੱਗੇ 12 ਫੁੱਟ ਲੰਮੀ ਪੀਵੀਸੀ ਪਾਈਪ ਤੇ ਇੱਕ ਸ਼ਾਲ ਦੇ ਨਾਲ ਪੀਲੀ ਟੇਪ ਵਿੱਚ ਲਪੇਟੇ ਹੈਰੋਇਨ ਦੇ 21 ਪੈਕਟ ਵੀ ਬਰਾਮਦ ਕੀਤੇ ਗਏ ਹਨ।