ਸੁਨਾਮ ਵਿੱਚ ਸਿਰਸਾ ਵਾਲੇ ਦਾ ਡੇਰਾ ਖੁੱਲ੍ਹਣ ਨੂੰ ਲੈ ਕੇ ਅੰਮ੍ਰਿਤਪਾਲ ਦਾ ਵੱਡਾ ਬਿਆਨ, ਨਹੀਂ ਖੁੱਲ੍ਹਣ ਦੇਵਾਂਗੇ ਡੇਰਾ

 ਸੁਨਾਮ ਵਿੱਚ ਸਿਰਸਾ ਵਾਲੇ ਦਾ ਡੇਰਾ ਖੁੱਲ੍ਹਣ ਨੂੰ ਲੈ ਕੇ ਅੰਮ੍ਰਿਤਪਾਲ ਦਾ ਵੱਡਾ ਬਿਆਨ, ਨਹੀਂ ਖੁੱਲ੍ਹਣ ਦੇਵਾਂਗੇ ਡੇਰਾ

ਮਾਨਸਾ ਦੇ ਪਿੰਡ ਬੱਛੋਆਣਾ ਵਿੱਚ ਹੋਏ ਇਕੱਠ ਵਿੱਚ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਸ਼ਾਮਲ ਹੋਏ ਸਨ। ਇਸ ਮੌਕੇ ਉਹਨਾਂ ਕਿਹਾ ਕਿ ਸੁਨਾਮ ਸ਼ਹਿਰ ਵਿੱਚ ਡੇਰਾ ਸਿਰਸਾ ਦਾ ਨਵਾਂ ਕੇਂਦਰ ਨਹੀਂ ਖੁੱਲ੍ਹਣ ਦੇਵਾਂਗੇ ਤੇ ਇਸ ਦਾ ਵਿਰੋਧ ਸੁਨਾਮ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਹ ਸਿੱਧਾ ਸਿੱਧਾ ਸਿੱਖੀ ਨੂੰ ਕਮਜ਼ੋਰ ਕਰਨ ਤੇ ਡੇਰਾਵਾਦ ਨੂੰ ਉਕਸਾਉਣ ਦਾ ਮਨਸੂਬਾ ਹੈ।

ਸਿੱਖੀ ਨੂੰ ਕਮਜ਼ੋਰ ਕਰਨ ਲਈ ਹਕੂਮਤਾਂ ਜਾਣ ਬੁੱਝ ਕੇ ਡੇਰਿਆਂਨੂੰ ਫੈਲਾ ਰਹੀਆਂ ਹਨ। ਅੰਮ੍ਰਿਤਪਾਲ ਨੇ ਕਿਹਾ ਕਿ ਪੈਦਾ ਹੋਈ ਪਾਟੋਧਾੜ ਨੂੰ ਪੰਥਕ ਏਕਤਾ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਵੱਲੋਂ ਸੁਨਾਮ ਵਿੱਚ ਡੇਰਾ ਖੋਲ੍ਹਣ ਦੇ ਐਲਾਨ ਤੇ ਪ੍ਰਤੀਕਿਰਿਆ ਦਿੰਦਿਆਂ ਸਰਕਾਰ ਪਾਸੋਂ ਇਸ ਦੀਆਂ ਗਤੀਵਿਧੀਆਂ ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਕਿਰਦਾਰ ਗ਼ੈਰ ਸਮਾਜਿਕ ਹੈ ਅਤੇ ਉਸ ਤੇ ਲੱਗੇ ਇਲਜ਼ਾਮ ਬੇਹੱਦ ਸੰਗੀਨ ਹਨ। ਬਲਾਤਕਾਰ ਅਤੇ ਹੱਤਿਆ ਦੇ ਮਾਮਲਿਆਂ ਵਿੱਚ ਸਜ਼ਾਜਾਫ਼ਤਾ ਰਾਮ ਰਹੀਮ ਬੇਅਦਬੀ ਮਾਮਲਿਆਂ ਵਿੱਚ ਵੀ ਮੁੱਖ ਦੋਸ਼ੀ ਹੈ। ਉਨ੍ਹਾਂ ਆਖਿਆ ਕਿ ਇਸ ਵਿਵਾਦਤ ਵਿਅਕਤੀ ਵੱਲੋਂ ਪੰਜਾਬ ਅੰਦਰ ਡੇਰਾ ਖੋਲ੍ਹਣ ਦੇ ਐਲਾਨ ਨਾਲ ਸਿੱਖ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ ਅਤੇ ਇਸ ਨਾਲ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਬੇਹੱਦ ਸੰਜੀਦਾ ਮਾਮਲੇ ’ਤੇ ਜ਼ੁੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਵੇ ਅਤੇ ਇਹ ਸੰਕਲਪ ਕਰੇ ਕਿ ਡੇਰਾ ਸਿਰਸਾ ਦੀ ਕੋਈ ਵੀ ਸ਼ਾਖਾ ਪੰਜਾਬ ਵਿਚ ਨਾ ਬਣੇ। ਦੱਸ ਦਈਏ ਕਿ ਰਾਮ ਰਹੀਮ ਵੱਲੋਂ ਡੇਰਾ ਪ੍ਰੇਮੀਆਂ ਦੀ ਮੰਗ ਤੇ ਪੰਜਾਬ ਵਿੱਚ ਇੱਕ ਹੋਰ ਨਵਾਂ ਡੇਰਾ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨੂੰ ਵੀਰਵਾਰ ਨੂੰ ਆਨਲਾਈਨ ਸਤਿਸੰਗ ਵਿੱਚ ਰਾਮ ਰਹੀਮ ਨੇ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਵਿੱਚ ਨਵਾਂ ਡੇਰਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।

Leave a Reply

Your email address will not be published.