Uncategorized

ਸੁਣ ਲਓ ਕੋਈ ਇਸ ਗਰੀਬ ਮਾਂ ਦੀ ਪੁਕਾਰ, ਬੱਚਿਆਂ ਦੀ ਜਾਨ ਲਈ ਦੇ ਰਹੀ ਹੈ ਦੁਹਾਈਆਂ

ਪੰਜਾਬ, ਜਿਸ ਨੂੰ ਲੀਡਰਾਂ ਦੇ ਚੋਣ ਮੈਨੀਫੈਸਟੋਜ਼ ਵਿੱਚ, ਕਦੇ ਕੈਲੀਫੋਰਨੀਆ ਬਣਾ ਦਿੱਤਾ ਜਾਂਦਾ ਹੈ, ਕਦੇ ਪੈਰਿਸ, ਇਹ ਉਹੀ ਪੰਜਾਬ ਹੈ ਜਿਥੇ ਨੋਟਾਂ ਦੇ ਟਰੱਕ ਭਰ ਕੇ ਵੰਡੇ ਜਾਂਦੇ ਹਨ ਅਸਲ ਵਿੱਚ ਇਹ ਅਸਲ ਪੰਜਾਬ ਹੈ, ਤਸਵੀਰਾਂ ਹਲਕਾ ਖੇਮਕਰਨ ਦੇ ਪਿੰਡ ਡੱਲ ਤੋਂ ਸਾਹਮਣੇ ਆਈਆਂ ਹਨ।

ਜਿਥੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਇੱਕ ਪਰਿਵਾਰ ਚੀਕ ਚੀਕ ਕੇ ਇੱਕੋ ਮੰਗ ਮੰਗ ਰਿਹਾ ਹੈ ਕਿ ਇਸ ਨਾਲੋਂ ਚੰਗਾ ਤਾਂ ਕਿਧਰੇ ਨਰਕ ਵਿੱਚ ਹੀ 5 ਮਰਲੇ ਦਾ ਪਲਾਟ ਦੇ ਦਵੋ, ਚਾਰੇ ਪਾਸਿਓਂ ਟੋਬੇ ਦੇ ਪਾਣੀ ਵਿੱਚ ਘਿਰੇ ਆਪਣੇ ਘਰ ਵਿੱਚ, ਇਹ ਪਰਿਵਾਰ ਆਪਣੇ ਤਿੰਨ ਛੋਟੇ ਬੱਚਿਆਂ ਨਾਲ ਰਹਿੰਦਾ, ਬਰਸਾਤਾਂ ਦਾ ਸਮਾਂ ਹੈ ਤਾਂ ਦਿਨ ਕੱਟਣੇ ਤਾਂ ਦੂਰ ਦੀ ਗੱਲ, ਰਾਤਾਂ ਨੂੰ ਸੌਣਾ ਤੱਕ ਮੁਸ਼ਕਿਲ ਹੋ ਰਿਹਾ ਹੈ, ਘਰ ਨੂੰ ਕਿਸੇ ਪਾਸਿਓਂ ਵੀ ਰਾਸਤਾ ਨਹੀਂ ਹੈ, ਜਿਸ ਕਾਰਨ ਘਰ ਤੋਂ ਸੜਕ ਤੱਕ ਜਾਣਾ ਕਿਸੇ ਜੰਗ ਵਿੱਚ ਲੜਾਈ ਕਰਨ ਤੋਂ ਘੱਟ ਨਹੀਂ।

ਪਿਓ ਬੱਚਿਆਂ ਨੂੰ ਮੋਢਿਆਂ ਤੇ ਚੁੱਕਦਾ, ਪਜ਼ਾਮਾ ਲਾਹ ਕੇ ਪਾਣੀ ਵਿੱਚ ਵੜ੍ਹਦਾ ਫਿਰ ਕਿਧਰੇ ਜਾ ਕੇ ਇਹ 10 ਕਰਮਾਂ ਦਾ ਰਸਤਾ, ਪਾਰ ਹੁੰਦਾ ਹੈ, ਪਰਿਵਾਰ ਦੁਖੀ ਵੀ ਹੈ, ਪਰ ਉਸ ਨੂੰ ਆਸ ਹੈ ਕਿ ਲੀਡਰ ਉਨ੍ਹਾਂ ਦਾ ਹੋਰ ਕੁੱਝ ਸਵਾਰਨ ਜਾਂ ਨਾ ਸਵਾਰਨ ਪਰ ਅੱਜ ਨਹੀਂ ਤਾਂ ਕੱਲ ਰਸਤਾ ਤਾਂ ਬਣਵਾ ਹੀ ਦੇਣਗੇ, ਬਸ ਇਸੇ ਰਾਸਤੇ ਲਈ ਉਹ ਹਰ ਛੋਟੇ ਵੱਡੇ ਦੇ ਰਾਸਤੇ ਵਿੱਚ ਖੜ੍ਹ ਕੇ, ਉਨ੍ਹਾਂ ਦੀਆਂ ਮਿੰਨਤਾਂ ਤਰਲੇ ਕੱਢ ਰਹੇ ਹਨ।

ਚਲੋ ਇਹ ਤਾਂ ਸੀ ਰਾਸਤੇ ਦੀ ਗੱਲ, ਘਰ ਦੇ ਮੁਖੀ ਨੂੰ ਰਾਸਤਾ ਨਾ ਬਣਨ ਦਾ ਫਿਕਰ ਹੈ, ਪਰ ਦੂਜੇ ਪਾਸੇ ਇਸ ਦੀ ਮਹਿਲਾ ਮੁਖੀ ਜਿਹੜੀ ਕਿ ਤਿੰਨ ਬੱਚਿਆਂ ਦੀ ਮਾਂ ਵੀ ਹੈ, ਉਸ ਨੂੰ ਰਾਸਤੇ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਜਾਨ ਦੀ ਫਿਕਰ ਹੈ, ਬੱਚੇ ਨੇ ਤਾਂ ਸ਼ਰਾਰਤੀ ਵੀ ਹੋਣਗੇ, ਆਲੇ ਦੁਆਲੇ ਗਲ ਗਲ ਡੁੰਘਾ ਪਾਣੀ ਹੈ, ਜਿਸ ਕਾਰਨ ਰੱਬ ਨਾ ਕਰੇ ਕਦੇ ਵੀ ਬੱਚਿਆਂ ਨਾਲ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ।

ਪਹਿਲਾਂ ਹੀ ਇੱਕ ਫਤਿਹਵੀਰ ਦਾ ਗਮ ਪੂਰਾ ਪੰਜਾਬ ਆਪਣੇ ਪਿੰਡੇ ਤੇ ਹੰਢਾ ਰਿਹਾ ਹੈ, ਕਿਧਰੇ ਹੋਰ ਬੱਚਾ ਕਿਸੇ ਇੱਕ ਦੀ ਗਲਤੀ ਦਾ ਸ਼ਿਕਾਰ ਨਾ ਹੋ ਜਾਵੇ। ਦੂਜੇ ਪਾਸੇ ਜਦੋਂ ਇਸ ਸਬੰਧੀ ਪੰਜਾਬੀ ਲੋਕ ਚੈਨਲ ਦੀ ਟੀਮ ਵੱਲੋਂ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਮਾਮਲਾ ਪਹਿਲਾਂ ਹੀ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਉਹ ਇਸ ਮਸਲੇ ਨੂੰ ਹੱਲ ਕਰਨ ਲਈ ਜੀਅ ਜਾਨ ਨਾਲ ਕੰਮ ਕਰ ਰਹੇ ਹਨ।

ਸ਼ਾਇਦ ਇਸ ਪਰਿਵਾਰ ਦੀ ਸਮੱਸਿਆ ਨਾ ਤਾਂ ਟੋਬਾ ਹੈ ਅਤੇ ਨਾ ਹੀ ਰਾਸਤਾ, ਇਸ ਪਰਿਵਾਰ ਦੀ ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਦੀ ਗਰੀਬੀ ਹੀ ਜਾਪਦੀ ਹੈ, ਜੇ ਚਾਰ ਪੈਸੇ ਹੁੰਦੇ ਤਾਂ ਰਾਸਤਾ ਆਪ ਹੀ ਬਣਾ ਲੈਂਦੇ, ਜੇ ਫੇਰ ਵੀ ਤੰਗ ਹੁੰਦੇ ਤਾਂ ਕਿਧਰੇ ਹੋ ਕੋਠੀ ਖੜੀ ਕਰ ਲੈਂਦੇ, ਕਿਸੇ ਵੱਡੇ ਲੀਡਰ ਜਾਂ ਅਧਿਕਾਰੀ ਨਾਲ ਉਠਣੀ ਬੈਠਣੀ ਹੁੰਦੀ ਤਾਂ ਰਾਸਤਾ ਇੱਕ ਵਾਰ ਨਹੀਂ ਦੋ ਵਾਰ ਇੱਟਾਂ ਲਾ ਕੇ ਬਣਾ ਦਿੱਤਾ ਜਾਂਦਾ ਪਰ ਗਰੀਬੀ ਨੇ ਟੋਬੇ ਦੇ ਗਵਾਹ ਡੱਡੂਆਂ ਵਾਂਗੂ ਟੋਬੇ ਵਿੱਚ ਹੀ ਰਹਿਣ ਨੂੰ ਮਜ਼ਬੂਰ ਕਰ ਦਿੱਤਾ ਹੈ। ਫਿਲਹਾਲ ਇਸ ਪਰਿਵਾਰ ਲਈ ਕਦੋਂ ਕੋਈ ਰਾਸਤਾ ਬਣਦਾ ਜਾਂ ਫਿਰ ਨਿਕਲਦਾ, ਹੁਣ ਤਾਂ ਇਹ ਦੇਖਣਾ ਲਾਜ਼ਮੀ ਬਣ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top