ਸੁਖਬੀਰ ਬਾਦਲ ਹੁਣ ਪਿੰਡਾਂ ਨੂੰ ਛੱਡ ਸ਼ਹਿਰਾਂ ਤੋਂ ਖਿਚਣਗੇ ਵੋਟਾਂ, ਨਵੀਂ ਰਣਨੀਤੀ ਕੀਤੀ ਤਿਆਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣਾਂ ਨੂੰ ਲੈ ਕੇ ਲਗਾਤਾਰ ਐਕਵਿਟ ਨਜ਼ਰ ਆ ਰਹੇ ਹਨ। ਹੁਣ ਉਹ ਪਿੰਡਾਂ ਵਿੱਚ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਸ਼ਹਿਰਾਂ ਦਾ ਰੁਖ ਕਰ ਰਹੇ ਹਨ। ਹੁਣ ਪਿੰਡਾਂ ਦੀ ਥਾਂ ਸ਼ਹਿਰੀ ਵੋਟਰਾਂ ਨੂੰ ਖਿੱਚਣ ਲਈ ਪ੍ਰੋਗਰਾਮ ਬਣਾ ਰਹੇ ਹਨ। ਇਸ ਤਹਿਤ ਉਹਨਾਂ ਨੇ ‘ਬ੍ਰੇਕਫਾਸਟ ਵਿਦ ਬਾਦਲ’ ਤੇ ‘ਕੌਫੀ ਵਿਦ ਯੂਥ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਸਭ ਤੋਂ ਪਹਿਲਾਂ ਚੋਣ ਮੁਹਿੰਮ ਵਿੱਢੀ ਸੀ ਪਰ ਕਿਸਾਨ ਅੰਦੋਲਨ ਕਰ ਕੇ ਜ਼ਬਰਦਸਤ ਵਿਰੋਧ ਹੋਇਆ। ਇਸ ਪਿੱਛੋਂ ਕਿਸਾਨ ਜੱਥੇਬੰਦੀਆਂ ਨੇ ਸਮੂਹ ਸਿਆਸੀ ਪਾਰਟੀਆਂ ਦੀ ਮੀਟਿੰਗ ਬੁਲਾ ਕੇ ਅਜੇ ਚੋਣ ਪ੍ਰਚਾਰ ਰੋਕਣ ਲਈ ਕਿਹਾ ਸੀ। ਸ਼ਨੀਵਾਰ ਨੂੰ ਸੁਖਬੀਰ ਬਾਦਲ ਲੁਧਿਆਣਾ ਪੁੱਜੇ ਸਨ ਇੱਥੇ ਉਹਨਾਂ ਨੇ ‘ਬ੍ਰੇਕਫਾਸਟ ਵਿਦ ਬਾਦਲ’ ਤੇ ਫਿਰ ਸ਼ਾਮ ਨੂੰ ‘ਕੌਫੀ ਵਿਦ ਯੂਥ’ ਦੇ ਨਾਲ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ।
ਬ੍ਰੇਕਫਾਸਟ ਵਿਦ ਬਾਦਲ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਵੇਰੇ ਪਾਰਕ ਵਿੱਚ ਲੋਕਾਂ ਦੇ ਨਾਲ ਰਾਊਂਡ ਟੇਬਲ ’ਤੇ ਬ੍ਰੇਕਫਾਸਟ ਕੀਤਾ ਤੇ ਉਨ੍ਹਾਂ ਦੀ ਸਮੱਸਿਆਵਾਂ ਜਾਣੀਆਂ, ਨਾਲ ਹੀ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਤੋਂ ਇਲਾਵਾ ਦੇਰ ਸ਼ਾਮ ਸਾਰੇ ਸਮਾਗਮ ਖਤਮ ਕਰਨ ਤੋਂ ਬਾਅਦ ‘ਕੌਫ਼ੀ ਵਿਦ ਯੂਥ’ ਲਈ ਉਹ ਕੌਫ਼ੀ ਪੀਣ ਲਈ ਲੁਧਿਆਣਾ ਦੇ ਪੌਸ਼ ਸਰਾਭਾ ਨਗਰ ਮਾਰਕੀਟ ਵਿੱਚ ਪੁੱਜੇ, ਜਿੱਥੇ ਉਨ੍ਹਾਂ ਨੇ ਕੌਫੀ ਸ਼ਾਪ ਵਿੱਚ ਬੈਠ ਕੇ ਕੌਫ਼ੀ ਪੀਤੀ ਤੇ ਨੌਜਵਾਨਾਂ ਨਾਲ ਗੱਲਾਂ ਕੀਤੀਆਂ। ਲੁਧਿਆਣਾ ਵਿੱਚ ਉਹਨਾਂ ਨੇ ਪੂਰੇ ਦਿਨ ਵਿੱਚ 10 ਤੋਂ ਵੱਧ ਸਮਾਗਮਾਂ ਵਿੱਚ ਹਿੱਸਾ ਲਿਆ।
