ਸੁਖਪਾਲ ਖਹਿਰਾ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ, ‘ਭ੍ਰਿਸ਼ਟਾਚਾਰ ਖਿਲਾਫ 1.50 ਲੱਖ ਸ਼ਿਕਾਇਤਾਂ ‘ਚੋਂ ਸਿਰਫ 3 ‘ਤੇ ਕਾਰਵਾਈ

ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਵਿੱਢਦਿਆਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਇਸ ਤੋਂ ਬਾਅਦ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ‘ਆਪ’ ਸਰਕਾਰ ਨੇ 10 ਦਿਨਾਂ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ। ‘ਆਪ’ਸਰਕਾਰ ਨੇ ਇਹਨਾਂ ਦਾਅਵਿਆਂ ਤੇ ਸਵਾਲ ਚੁੱਕੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਟਵੀਟ ਵਿੱਚ ਦਾਅਵਾ ਕੀਤਾ ਕਿ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਤੇ 1.50 ਲੱਖ ਸ਼ਿਕਾਇਤਾਂ ਮਿਲੀਆਂ ਹਨ।

ਇਹਨਾਂ ਵਿਚੋਂ 3 ਤੇ ਹੀ ਕਾਰਵਾਈ ਹੋਈ, ਬਾਕੀਆਂ ਦਾ ਕੀ ਹੋਇਆ? ਸੁਖਪਾਲ ਖਹਿਰਾ ਨੇ ਕਿਹਾ ਕਿ ਮੈਨੂੰ ਅਰਵਿੰਦ ਕੇਜਰੀਵਾਲ ਤੋਂ ਇਹ ਉਮੀਦ ਨਹੀਂ ਸੀ। ਉਹ ਸੰਵਿਧਾਨਕ ਅਹੁਦੇ ਉਤੇ ਬੈਠ ਕੇ ਇਸ ਤਰ੍ਹਾਂ ਦੀ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰ ਰਹੇ ਹਨ। ਚੇਤੇ ਰਹੇ ਕਿ ਮੁੱਖ ਮੰਤਰੀ ਬਣੇ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 95012-00200 ਜਾਰੀ ਕੀਤਾ ਸੀ।
23 ਮਾਰਚ ਨੂੰ ਨੰਬਰ ਜਾਰੀ ਹੋਣ ਤੋਂ ਬਾਅਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ‘ਤੇ ਕਰੀਬ ਡੇਢ ਲੱਖ ਸ਼ਿਕਾਇਤਾਂ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਨੰਬਰ ਉਤੇ ਧੜਾ ਧੜ ਸ਼ਿਕਾਇਤਾਂ ਆ ਰਹੀਆਂ ਹਨ। ਇਸ ਸਬੰਧੀ ਸਬੂਤ ਵਜੋਂ ਵੀਡੀਓ ਵੀ ਭੇਜੀਆਂ ਜਾ ਰਹੀਆਂ ਹਨ। ਕਾਂਗਰਸ ਨੇ 1.50 ਲੱਖ ਸ਼ਿਕਾਇਤਾਂ ‘ਚੋਂ ਸਿਰਫ 3 ‘ਤੇ ਹੀ ਕਾਰਵਾਈ ਉਤੇ ਸਵਾਲ ਚੁੱਕੇ ਹਨ।
ਖਹਿਰਾ ਨੇ ਟਵੀਟ ਕੀਤਾ ਹੈ-ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਤੁਹਾਡੇ ਵਰਗੇ ਲੋਕਾਂ ਤੋਂ ਮੈਂ ਇਸ ਤਰ੍ਹਾਂ ਦੇ ਗੈਰ-ਜ਼ਿੰਮੇਵਾਰ ਬਿਆਨ ਦੀ ਉਮੀਦ ਨਹੀਂ ਕਰਦਾ ਕਿ 10 ਦਿਨਾਂ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ। ਭਗਵੰਤ ਮਾਨ ਦੇ ਟੋਲ ਫਰੀ ਨੰਬਰ ‘ਤੇ 1.5 ਲੱਖ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਪੈਂਡਿੰਗ ਹਨ ਅਤੇ ਸਿਰਫ 3 ਦਾ ਹੱਲ ਕੀਤਾ ਗਿਆ ਹੈ!
ਬਾਕੀ ਬਚੀਆਂ ਸ਼ਿਕਾਇਤਾਂ ਦੀ ਬਣਿਆ? ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੌਰੇ ‘ਤੇ ਹਨ। ਬੀਤੇ ਦਿਨ ਉਥੇ ਰੋਡ ਸ਼ੋਅ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਸਿਰਫ 10 ਦਿਨਾਂ ‘ਚ ਭ੍ਰਿਸ਼ਟਾਚਾਰ ਬੰਦ ਹੋ ਗਿਆ ਹੈ। ਭ੍ਰਿਸ਼ਟਾਂ ਨੂੰ ਡਰ ਹੈ ਕਿ ਰਿਸ਼ਵਤ ਲਈ ਤਾਂ ਭਗਵੰਤ ਆ ਜਾਵੇਗਾ।
