ਸੀਐਮ ਮਾਨ ਨੇ ਪੰਜਾਬੀਆਂ ਨੂੰ ਕੀਤੀ ਅਪੀਲ, ‘ਮਾਂ ਬੋਲੀ’ ਦੇ ਸਤਿਕਾਰ ਲਈ 21 ਫਰਵਰੀ ਤੋਂ ਪਹਿਲਾਂ ਕਰ ਲਓ ਇਹ ਕੰਮ

 ਸੀਐਮ ਮਾਨ ਨੇ ਪੰਜਾਬੀਆਂ ਨੂੰ ਕੀਤੀ ਅਪੀਲ, ‘ਮਾਂ ਬੋਲੀ’ ਦੇ ਸਤਿਕਾਰ ਲਈ 21 ਫਰਵਰੀ ਤੋਂ ਪਹਿਲਾਂ ਕਰ ਲਓ ਇਹ ਕੰਮ

ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ‘ਪੰਜਾਬੀ ਮਾਹ’ ‘ਚ ਸ਼ਾਮਲ ਹੋਏ ਸਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬੀ ਆਪਣੀ ਮਾਂ ਬੋਲੀ ਬੋਲਣ ਤੋਂ ਸ਼ਰਮਾਉਣ ਲੱਗ ਪਏ ਹਨ ਤੇ ਉਨ੍ਹਾਂ ਨੂੰ ਲੱਗਣ ਲੱਗ ਗਿਆ ਹੈ ਕਿ ਪੰਜਾਬ ਤੋਂ ਵੱਡੀ ਕੋਈ ਹੋਰ ਭਾਸ਼ਾ ਹੈ ਪਰ ਲੋਕਾਂ ਨੂੰ ਸਮਝਣਾ ਪਵੇਗਾ ਕਿ ਕੋਈ ਹੋਰ ਬੋਲੀ ਬੋਲ ਕੇ ਨਾ ਤਾਂ ਅਸੀ ਵੱਡੇ ਬਣਾਂਗੇ ਅਤੇ ਨਾ ਹੀ ਵਿਦਵਾਨ।

Image

ਮਾਨ ਨੇ ਕਿਹਾ ਕਿ 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਸ ਲਈ ਉਹ ਅਪੀਲ ਕਰਦੇ ਹਨ ਕਿ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੰਮ ਕਰਦਾ ਹੈ, 21 ਫਰਵਰੀ ਤੋਂ ਪਹਿਲਾਂ-ਪਹਿਲਾਂ ਆਪਣੇ ਦੁਕਾਨ, ਅਦਾਰੇ ਜਾਂ ਫੈਕਟਰੀ ਦਾ ਨਾਂ ਬੋਰਡ ‘ਤੇ ਸਭ ਤੋਂ ਉੱਪਰ ਪੰਜਾਬੀ ‘ਚ ਲਿਖਣ। ਬੋਰਡ ‘ਚ ਸਭ ਤੋਂ ਉੱਪਰ ਦੁਕਾਨ ਜਾਂ ਫੈਟਕਰੀ ਆਦਿ ਦਾ ਨਾਂ ਪੰਜਾਬੀ ਭਾਸ਼ਾ ਵਿੱਚ ਲਿਖਿਆ ਨਜ਼ਰ ਆਉਣਾ ਚਾਹੀਦਾ ਹੈ ਫਿਰ ਚਾਹੇ ਹੇਠਾਂ ਕਿਸੇ ਹੋਰ ਭਾਸ਼ਾ ‘ਚ ਲਿਖ ਦਿਓ।

Image

ਉਹਨਾਂ ਕਿਹਾ ਕਿ ਜਿਹੜੇ ਲੋਕ ਜ਼ਿੰਮੇਵਾਰ ਹੋਣਗੇ ਉਹ ਤਾਂ 21 ਫਰਵਰੀ ਤੱਕ ਇਹ ਕੰਮ ਕਰ ਲੈਣਗੇ ਪਰ ਜਿਹੜੇ ਇਹ ਕੰਮ ਨਹੀਂ ਕਰਨਗੇ ਫਿਰ ਸਰਕਾਰ ਖ਼ੁਦ ਉਨ੍ਹਾਂ ਦੀ ਜ਼ਿੰਮੇਵਾਰੀ ਯਾਦ ਕਰਵਾਏਗੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, ਪੰਜਾਬੀ ਭਾਸ਼ਾ ਅਜਿਹੀ ਹੈ ਕਿ ਇਸ ‘ਚ ਹਰ ਰਿਸ਼ਤੇ ਦਾ ਵਿਸਥਾਰ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਕੋਲ ਤਾਂ ਖਜ਼ਾਨਾ ਹੈ, ਜਿੰਨਾ ਮਰਜ਼ੀ ਪੜ੍ਹੀ ਜਾਓ।

Image

ਅੱਜ-ਕੱਲ੍ਹ ਬੱਚੇ ਸਲੇਬਸ ‘ਚ ਪੰਜਾਬੀ ਵਿਸ਼ਾ ਰੱਖਣਾ ਪਸੰਦ ਨਹੀਂ ਕਰਦੇ, ਜਿਸ ਕਾਰਨ ਪੰਜਾਬੀ ਸ਼ਬਦਾਂ ਦਾ ਸ਼ੁੱਧ ਉਚਾਰਣ ਘਟ ਗਿਆ ਹੈ। ਇਸ ਲਈ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਲੋੜ ਹੈ ਕਿ ਉਹ ਵੱਧ ਤੋਂ ਵੱਧ ਪੰਜਾਬੀ ਵਿਸ਼ੇ ਦੀਆਂ ਕਲਾਸਾਂ ਲਾਉਣ ਅਤੇ ਬੱਚਿਆਂ ਨੂੰ ਪੰਜਾਬੀ ਬੋਲਣ ਅਤੇ ਲਿਖਣ ਲਈ ਪ੍ਰੇਰਿਤ ਕਰਨ। ਮਾਨ ਨੇ ਨੌਜਵਾਨਾਂ ਨੂੰ ਕਿਹਾ ਕਿ ਮਿਹਨਤ ਹੀ ਸਫ਼ਲਤਾ ਦਾ ਇੱਕੋ-ਇੱਕ ਰਾਹ ਹੈ।

Image

ਜਿਸ ਵਿਅਕਤੀ ਦੇ ਦਿਮਾਗ ‘ਚ ਸਫ਼ਲਤਾ ਦਾ ਵਿਚਾਰ ਹੁੰਦਾ ਹੈ ਉਹ ਖ਼ੁਦ ਮਿਹਨਤ ਕਰਦਾ ਹੈ। ਉਹਨਾਂ ਕਿਹਾ ਕਿ ਕਈ ਪੰਜਾਬੀ ਇਹ ਬੋਲਦੇ ਹਾਂ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ ਜਦਕਿ ਇਹ ਝੂਠ ਹੈ ਸਗੋਂ ਅਸਲ ‘ਚ ਮਾਂ ਬੋਲੀ ਪੰਜਾਬੀ ਸਾਡੀ ਸੇਵਾ ਕਰ ਰਹੀ ਹੈ। ਸਾਨੂੰ ਆਪਣੇ ਲਈ, ਪਰਿਵਾਰ ਅਤੇ ਸਮਾਜ ਲਈ ਸਮਾਂ ਕੱਢਣਾ ਚਾਹੀਦਾ ਹੈ।

ਜੇ ਸਮਾਜ ਵਧੇਗਾ ਤਾਂ ਹੀ ਪੰਜਾਬ ਅੱਗੇ ਵਧੇਗਾ। ਇਸ ਤੋਂ ਇਲਾਵਾ ਉਨ੍ਹਾਂ ਸਭ ਨੂੰ ਇਮਾਨਦਾਰੀ ਦੀ ਕਮਾਈ ਕਰਨ ਦੀ ਵੀ ਗੱਲ ਆਖੀ ਤੇ ਕਿਹਾ ਕਿ ਇਮਾਨਦਾਰੀ ਦੀ ਕਮਾਈ ਵਰਗਾ ਕੋਈ ਮਜ਼ਾ ਨਹੀਂ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਾਂ ਪਰ ਹੁਣ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ।

Leave a Reply

Your email address will not be published.