ਸੀਐਮ ਮਾਨ ਦਾ ਐਲਾਨ, ਮ੍ਰਿਤਕ ਕਾਂਸਟੇਬਲ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਮਿਲੇਗੀ 1 ਕਰੋੜ ਦੀ ਵਿੱਤੀ ਸਹਾਇਤਾ

ਲੁਟੇਰਿਆਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਹਨ ਕਿ ਉਹਨਾਂ ਵੱਲੋਂ ਹੁਣ ਪੁਲਿਸ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ। ਫਗਵਾੜਾ ਦੇ ਅਰਬਨ ਅਸਟੇਟ ਤੋਂ ਦਿਲ ਦਿਹਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੇ ਖੇਤਰ ਵਿੱਚ ਪਿਸਤੌਲ ਦਿਖਾ ਕੇ ਇਕ ਕਰੇਟਾ ਗੱਡੀ ਖੋਹ ਕੇ ਲਿਜਾਉਣ ਮਗਰੋਂ ਪਿੱਛਾ ਕਰ ਰਹੀ ਪੁਲਿਸ ਤੇ ਲੁਟੇਰਿਆਂ ਵਲੋਂ ਗੋਲੀ ਚਲਾਉਣ ਕਾਰਨ ਥਾਣਾ ਸਿਟੀ ਦੇ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ।
ਮ੍ਰਿਤਕ ਮੁਲਾਜ਼ਮ ਦੀ ਪਛਾਣ ਕਮਲਪ੍ਰੀਤ ਬਾਜਵਾ ਵਜੋਂ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮ੍ਰਿਤਕ ਕਾਂਸਟੇਬਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਕਮ ਦੇਣ ਦਾ ਐਲਾਨ ਕੀਤਾ ਹੈ ਅਤੇ ਐਚਡੀਐਫਸੀ ਵੱਲੋਂ ਵੀ 1 ਕਰੋੜ ਰੁਪਏ ਦਿੱਤਾ ਜਾਵੇਗਾ।
ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਜੋ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋ ਗਏ…ਪੰਜਾਬ ਸਰਕਾਰ ਤਰਫੋਂ ₹1 ਕਰੋੜ ਦੀ ਐਕਸ ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ…HDFC ਬੈਂਕ ਵੱਲੋਂ ₹1 ਕਰੋੜ ਦਾ ਬੀਮਾ ਭੁਗਤਾਨ ਕੀਤਾ ਜਾਵੇਗਾ…ਅਸੀਂ ਆਪਣੇ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਹਰ ਔਖੇ ਸਮਿਆਂ ‘ਚ ਖੜ੍ਹੇ ਹਾਂ
— Bhagwant Mann (@BhagwantMann) January 9, 2023
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰੇਟਾ ਕਾਰ ਡਰਾਈਵਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਫਗਵਾੜਾ ਦੇ ਅਰਬਨ ਅਸਟੇਟ ਇਲਾਕੇ ‘ਚ ਸਥਿਤ ਆਪਣੇ ਘਰ ਨੂੰ ਜਾ ਰਿਹਾ ਸੀ ਅਤੇ ਇਸੇ ਦੌਰਾਨ ਇਕ ਗੱਡੀ ‘ਚ ਸਵਾਰ ਚਾਰ ਨੌਜਵਾਨ ਆਏ ਜਿਨ੍ਹਾਂ ‘ਚੋਂ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਦੀ ਕਰੇਟਾ ਗੱਡੀ ਖੋਹ ਲਈ, ਜਿਸ ਦੀ ਸੂਚਨਾ ਉਨ੍ਹਾਂ ਪੁਲਿਸ ਨੂੰ ਦਿੱਤੀ।
ਇਸ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਨੇ ਲੁਟੇਰਿਆਂ ਦਾ ਜੀਪੀਆਰਐਸ ਦੀ ਮਦਦ ਨਾਲ ਪਿੱਛਾ ਕਰਨਾ ਸ਼ੁਰੂ ਕੀਤਾ, ਇਸ ਦੌਰਾਨ ਲੁਟੇਰੇ ਤੇ ਪੁਲਿਸ ਆਹਮੋ-ਸਾਹਮਣੇ ਹੋ ਗਏ ਤੇ ਲੁਟੇਰਿਆਂ ਵਲੋਂ ਕੀਤੀ ਗੋਲੀਬਾਰੀ ਕਾਰਨ ਇਕ ਗੋਲੀ ਪੁਲਿਸ ਮੁਲਾਜ਼ਮ ਕਮਲਪ੍ਰੀਤ ਸਿੰਘ ਦੇ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਦੋਂ ਉਸ ਨੂੰ ਇੱਥੋਂ ਦੇ ਨਿੱਜੀ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।