ਸੀਐਮ ਭਗਵੰਤ ਮਾਨ ਨੇ ਅਬੋਹਰ ਵਿਖੇ ਕਿਸਾਨਾਂ ਨੂੰ ਵੰਡੇ ਮੁਆਵਜ਼ੇ ਦੇ ਚੈੱਕ, ਕੈਪਟਨ ਅਤੇ ਬਾਦਲ ਪਰਿਵਾਰ ਨੂੰ ਲਾਏ ਰਗੜੇ

 ਸੀਐਮ ਭਗਵੰਤ ਮਾਨ ਨੇ ਅਬੋਹਰ ਵਿਖੇ ਕਿਸਾਨਾਂ ਨੂੰ ਵੰਡੇ ਮੁਆਵਜ਼ੇ ਦੇ ਚੈੱਕ, ਕੈਪਟਨ ਅਤੇ ਬਾਦਲ ਪਰਿਵਾਰ ਨੂੰ ਲਾਏ ਰਗੜੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਾਜ਼ਿਲਕਾ ਦੌਰੇ ਤੇ ਪੁੱਜੇ, ਇੱਥੇ ਉਹਨਾਂ ਨੇ ਅਬੋਹਰ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ ਖ਼ਰਾਬ ਫ਼ਸਲਾਂ ਦੇ ਮੁਆਵਜ਼ੇ ਦੇ ਚੈੱਕ ਵੰਡੇ। ਕਾਬਲੇਗੌਰ ਹੈ ਕਿ ਕਿਸਾਨਾਂ ਦੀਆਂ ਫ਼ਸਲਾਂ 2020 ਵਿੱਚ ਖ਼ਰਾਬ ਹੋਈਆਂ ਸਨ, ਜਿਸ ਦਾ ਮੁਆਵਜ਼ਾ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਹੈ।

ਆਪਣੇ ਸੰਬੋਧਨ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਤੇ ਖ਼ੂਬ ਰਗੜੇ ਲਾਏ। ਉਹਨਾਂ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਅਧਿਆਪਕਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਨੂੰ ਲੈ ਕੇ ਐਲਾਨ ਕਰਦੇ ਹੋਏ ਕਿਹਾ ਕਿ ਸਭ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਥੋੜਾ ਸਮਾਂ ਦਿੱਤਾ ਜਾਵੇ।

ਇਸ ਦੇ ਨਾਲ ਹੀ ਉਹਨਾਂ ਨੇ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਲਾਏ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਸੀ ਸਗੋਂ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਕੋਲ ਖ਼ਜ਼ਾਨਾ ਸੀ। ਕਿਸੇ ਨੇ ਮਹਿਲ ਪਾ ਲਏ ਤਾਂ ਕਿਸੇ ਨੇ ਬੱਸਾਂ ਪਾ ਲਈਆਂ ਪਰ ਲੋਕਾਂ ਦੇ ਕੰਮਾਂ ਵੱਲ ਧਿਆਨ ਨਹੀਂ ਦਿੱਤਾ।

ਮਨਪ੍ਰੀਤ ਸਿੰਘ ਬਾਦਲ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਆਰੇ ਦੇ ਡਰੋਂ ਬਹੁਤ ਸਾਰੇ ਲੀਡਰ ਅਜਿਹੇ ਹਨ, ਜੋ ਭਾਜਪਾ ਵੱਲ ਜਾ ਰਹੇ ਹਨ ਪਰ ਆਰਾ ਤਾਂ ਸਭ ‘ਤੇ ਚੱਲੇਗਾ। ਅੱਗੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵਿਜੀਲੈਂਸ ਦੀ ਰਿਪੋਰਟ ਬਣਦੀ ਹੈ ਤਾਂ ਮੈਂ ਬਰੈਕਟ ਵਿਚ ਇਹ ਨਹੀਂ ਵੇਖਦਾ ਕਿ ਕਿਹੜੀ ਪਾਰਟੀ ਦਾ ਲੀਡਰ ਹੈ।

ਆਰਾ ਸਭ ‘ਤੇ ਹੀ ਚੱਲੇਗਾ, ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਲੀਡਰ ਹੋਵੇ। ਭਾਜਪਾ ਵਿਚ ਜਾਣ ਦਾ ਇਹ ਮਤਲਬ ਨਹੀਂ ਕਿ ਉਹ ਬੱਚ ਜਾਣਗੇ। ਆਰਾ ਸਭ ‘ਤੇ ਚੱਲੇਗਾ। ਹੁਣ ਪੰਜਾਬ ਦਾ ਲੁਟਿਆ ਇਕ-ਇਕ ਪੈਸਾ ਵਾਪਸ ਲੈ ਕੇ ਆਵਾਂਗੇ ਅਤੇ ਖ਼ਜ਼ਾਨਾ ਭਰਾਂਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟ ਲੀਡਰਾਂ ਤੋਂ ਜ਼ਮੀਨਾਂ ਛੁਡਵਾ ਕੇ ਕਈ ਭ੍ਰਿਸ਼ਟ ਲੀਡਰ ਫੜੇ ਹਨ।

ਪੰਜਾਬ ਦੀ ਜਨਤਾ ਨੇ ਮੈਨੂੰ ਬਹੁਤ ਔਖਾ ਕੰਮ ਕੀਤਾ ਹੈ। ਪਿਛਲੀਆਂ ਸਰਕਾਰਾਂ ‘ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਮੈਂ ਕੋਈ ਬੱਸਾਂ ਦੀ ਕੰਪਨੀ ਵਿਚ ਹਿੱਸਾ ਨਹੀਂ ਪਾਉਣਾ, ਮੈਂ ਕਿਸੇ ਰੇਤੇ ਵਾਲੀਆਂ ਖੱਡਾਂ ਵਿਚ ਹਿੱਸਾ ਨਹੀਂ ਪਾਉਣਾ ਅਤੇ ਨਾ ਹੀ ਕਿਸੇ ਸ਼ਰਾਬ ਦੇ ਠੇਕੇ ਵਿਚ ਹਿੱਸਾ ਪਾਉਣਾ ਹੈ। ਮੈਂ ਸਿਰਫ਼ ਪੰਜਾਬ ਦੇ ਤਿੰਨ ਕਰੋੜ ਦੇ ਲੋਕਾਂ ਦੇ ਦੁੱਖ਼ਾਂ ਵਿਚ ਹਿੱਸਾ ਪਾਉਣਾ ਹੈ।

ਪੰਜਾਬ ਦਾ ਲੁਟਿਆ ਇਕ-ਇਕ ਪੈਸਾ ਪਿਛਲੀਆਂ ਸਰਕਾਰਾਂ ਦੇ ਲੀਡਰਾਂ ‘ਚੋਂ ਕੱਢਾਂਗੇ। ਉਨ੍ਹਾਂ ਕਿਹਾ ਕਿ ਬਾਦਲ, ਬਿਕਰਮ ਸਿੰਘ ਮਜੀਠੀਆ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਰਗਿਆਂ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਹੈ। ਪਿਛਲੀਆਂ ਸਰਕਾਰਾਂ ਨੂੰ ਤਾਂ ਇਹੀ ਸਾੜਾ ਹੈ ਕਿ ਇਹ ਵੱਡੀਆਂ ਕੁਰਸੀਆਂ ‘ਤੇ ਕਿਵੇਂ ਬੈਠ ਗਏ।

ਗੈਂਗਸਟਰਾਂ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ 10 ਮਹੀਨਿਆਂ ਵਿਚ ਗੈਂਗਸਟਰ ਪੈਦਾ ਨਹੀਂ ਕੀਤੇ ਸਗੋਂ ਪਿਛਲੀਆਂ ਸਰਕਾਰਾਂ ਨੇ ਹੀ ਗੈਂਗਸਟਰ ਪੈਦਾ ਕੀਤੇ ਹਨ। ਪਿਛਲੀਆਂ ਸਰਕਾਰਾਂ ਗੈਂਗਸਟਰਾਂ ਨੂੰ ਵੱਖ-ਵੱਖ ਅਹੁਦੇ ਦਿੰਦੀਆਂ ਰਹੀਆਂ ਹਨ। ਅਸੀਂ ਤਾਂ ਗੈਂਗਸਟਰਾਂ ਨੂੰ ਫੜ ਰਹੇ ਹਾਂ। ਧਰਨਿਆਂ ‘ਤੇ ਬੈਠੇ ਪੀਟੀਆਈ ਅਧਿਆਪਕਾਂ ਨੂੰ ਲੈ ਕੇ ਸੀਐਮ ਮਾਨ ਨੇ ਕਿਹਾ ਕਿ ਸਾਰਿਆਂ ਨੂੰ ਸ਼ਾਂਤੀਪੂਰਨ ਧਰਨੇ ਕਰਨ ਦਾ ਅਧਿਕਾਰ ਹੈ। ਟੈਂਕੀ ‘ਤੇ ਚੜ੍ਹਨ ਨਾਲ ਮਸਲੇ ਹੱਲ ਨਹੀਂ ਹੁੰਦੇ।

ਸਾਰਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਸਰਕਾਰ ਨੂੰ ਥੋੜ੍ਹਾ ਸਮਾਂ ਤਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਜੇ ਤਾਂ ਅਸੀਂ ਪਿਛਲੀਆਂ ਸਰਕਾਰਾਂ ਵੱਲੋਂ ਬੀਜੇ ਗਏ ਕੰਢਿਆਂ ਨੂੰ ਹੀ ਚੁੱਗ ਰਹੇ ਹਾਂ। ਕਾਨੂੰਨੀ ਅੜਚਨਾਂ ਖ਼ਤਮ ਕਰ ਰਹੇ ਹਾਂ। ਹੁਣ ਤੱਕ 25 ਹਜ਼ਾਰ 886 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਸਾਰਿਆਂ ਨੂੰ ਹੀ ਹੌਲੀ-ਹੌਲੀ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਥੋੜ੍ਹਾ ਸਮਾਂ ਦਿੱਤਾ ਜਾਵੇ।

Leave a Reply

Your email address will not be published. Required fields are marked *