ਸੀਐਮ ਭਗਵੰਤ ਮਾਨ ਦਮਦਮਾ ਸਾਹਿਬ ‘ਚ ਸ਼ਰਾਬ ਪੀ ਕੇ ਗਏ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸ਼ਬਦੀ ਹਮਲਾ ਕੀਤਾ ਗਿਆ ਹੈ। ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਦਮਦਮਾ ਸਾਹਿਬ ‘ਚ ਸ਼ਰਾਬ ਪੀ ਕੇ ਭਗਵੰਤ ਮਾਨ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਮੈਡੀਕਲ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਮਰਿਆਦਾ ਦਾ ਵੀ ਨਹੀਂ ਪਤਾ। ਉਨ੍ਹਾਂ ਕਿਹਾ ਕਿ ਮੈਂ ਸੋਚਿਆ ਸੀ ਕਿ ਮੈਂ ਛੇ ਮਹੀਨੇ ਕੋਈ ਬਿਆਨ ਨਹੀਂ ਦੇਵਾਂਗਾ ਕਿਉਂਕਿ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ। ਇਹ ਜੋ ਕਰਨਾ, ਕਰ ਲੈਣ ਕਿਉਂਕਿ ਜਨਤਾ ਨੇ ਫ਼ਤਵਾ ਦਿੱਤਾ ਹੈ ਪਰ ਅੱਜ ਮੇਰੇ ਕੋਲੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ।

ਮੁੱਖ ਮੰਤਰੀ ਨੂੰ ਘੱਟੋ-ਘੱਟ ਗੁਰੂ ਘਰ ਦੀ ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦਾ ਸੀ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਭਗਵੰਤ ਮਾਨ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਾਬ ਪੀ ਕੇ ਆਏ ਸਨ ਤੇ ਬਰਗਾੜੀ ’ਚ ਮੋਰਚੇ ਦੌਰਾਨ ਵੀ ਸ਼ਰਾਬ ਪੀ ਕੇ ਸਟੇਜ ’ਤੇ ਚਲੇ ਗਏ ਸਨ। ਬਾਦਲ ਨੇ ਕਿਹਾ ਕਿ, “ਹੁਣ ਉਨ੍ਹਾਂ ’ਤੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਹੈ ਤੇ ਉਨ੍ਹਾਂ ਨੂੰ ਦੇਸ਼ ਤੇ ਦੁਨੀਆ ਦੇਖ ਰਹੀ ਹੁੰਦੀ ਹੈ।”
