ਸੀਐਮ ਦੇ ਹੁਕਮਾਂ ਤੋਂ ਬਾਅਦ ਛੁੱਟੀ ਵਾਲੇ ਦਿਨ ਵੀ ਕੰਮ ’ਤੇ ਆਏ ਅਫ਼ਸਰ, ਕੀਤਾ ਜਾ ਰਿਹਾ ਹੈ ਲੋਕਾਂ ਦਾ ਰੁਕਿਆ ਕੰਮ

ਲੁਧਿਆਣਾ ਤੋਂ ਰੀਜਨਲ ਟਰਾਂਸਪੋਰਟ ਅਫ਼ਸਰ ਅਤੇ ਹੋਰ ਪੀਸੀਐਸ ਅਫਸਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨੀਂ ਸਮੂਹਿਕ ਤੌਰ ਤੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਵੱਲੋਂ ਇਨ੍ਹਾਂ ਛੁੱਟੀਆਂ ਨੂੰ ਗ਼ੈਰ ਕਾਨੂੰਨੀ ਕਰਾਰ ਕਰਦਿਆਂ ਤੁਰੰਤ ਪੀਸੀਐਸ ਅਫਸਰਾਂ ਨੂੰ ਆਪਣੀਆਂ ਡਿਊਟੀਆਂ ਜੁਆਇਨ ਕਰਨ ਲਈ ਕਿਹਾ ਗਿਆ ਸੀ।
ਇਸ ਤੋਂ ਬਾਅਦ ਪੀਸੀਐਸ ਅਫਸਰਾਂ ਦੀ ਐਸੋਸੀਏਸ਼ਨ ਦੀ ਮੁੱਖ ਮੰਤਰੀ ਦੇ ਨੁਮਾਇੰਦਿਆਂ ਦੇ ਨਾਲ ਬੈਠਕ ਹੋਈ ਅਤੇ ਅਫਸਰਾਂ ਨੇ ਮੁੜ ਤੋਂ ਡਿਊਟੀ ਜੁਆਇਨ ਕਰ ਲਈ। ਬੀਤੇ ਦਿਨੀਂ ਮੁੱਖ ਮੰਤਰੀ ਨੇ ਟਵੀਟ ਕਰਕੇ ਅਫਸਰਾਂ ਨੂੰ ਛੁੱਟੀ ਵਾਲੇ ਦਿਨਾਂ ਦਾ ਬਕਾਇਆ ਪਿਆ ਕੰਮ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਨ ਦੀ ਗੱਲ ਕਹੀ ਸੀ।
ਹੁਣ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਵਿੱਚ ਵੀਪੀਸੀਐਸ ਅਫ਼ਸਰ ਤੈਨਾਤ ਸਨ ਅਤੇ ਛੁੱਟੀ ਹੋਣ ਦੇ ਬਾਵਜੂਦ ਕੰਮ ਕਰ ਰਹੇ ਹਨ। ਇਸ ਸਬੰਧੀ ਅਫ਼ਸਰਾਂ ਨੇ ਕਿਹਾ ਕਿ ਉਹ ਐਤਵਾਰ ਨੂੰ ਵੀ ਕੰਮ ਕਰ ਰਹੇ ਹਨ। ਲੁਧਿਆਣਾ ਤੋਂ ਪੀਸੀਐਸ ਅਫ਼ਸਰ ਡਾਕਟਰ ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਸਵੇਰ ਤੋਂ ਹੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਉਹਨਾਂ ਦੀਆਂ ਕੁਝ ਮੰਗਾਂ ਸਨ ਅਤੇ ਸਰਕਾਰ ਦੇ ਭਰੋਸੇ ਤੋਂ ਬਾਅਦ ਉਹ ਫਿਰ ਤੋਂ ਆਪਣੇ ਕੰਮਾਂ ਤੇ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦੋ ਦਿਨ ਦੀ ਛੁੱਟੀ ਹੋਈ ਬੁੱਧਵਾਰ ਨੂੰ ਉਹ ਕੰਮ ਤੇ ਆ ਗਏ ਸਨ। ਓਥੇ ਹੀ ਪੀ ਸੀ ਐਸ ਅਫਸਰ ਗੁਰਬੀਰ ਸਿੰਘ ਕੋਹਲੀ ਨੇ ਵੀ ਦੱਸਿਆ ਕਿ ਉਹ ਅਤੇ ਉਹਨਾਂ ਦਾ ਮੁਕੰਮਲ ਸਟਾਫ਼ ਅੱਜ ਕੰਮ ਕਰ ਰਿਹਾ ਹੈ ਐਤਵਾਰ ਨੂੰ ਵੀ ਉਹ ਕੰਮ ਕਰਨਗੇ। ਅਫ਼ਸਰਾਂ ਨੇ ਅੱਗੇ ਦੱਸਿਆ ਕਿ ਉਹਨਾਂ ਵੱਲੋਂ ਡਿਊਟੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਨਹੀਂ ਵਰਤੀ ਜਾਵੇਗੀ।