ਸਿੱਧੂ ਨੇ ਮੁੜ ਤੋਂ ਲਾਏ ਕੈਪਟਨ ਬਾਦਲ ਦੀ ਮਿਲੀਭੁਗਤ ਦੇ ਇਲਜ਼ਾਮ

ਨਵਜੋਤ ਸਿੱਧੂ ਦੇ ਜਿਹੜੇ ਬਿਆਨ ਕਾਰਨ ਉਨ੍ਹਾਂ ਦੀ ਮੰਤਰੀ ਅਹੁਦੇ ਦੀ ਕੁਰਸੀ ਗਈ ਸੀ, ਉਹੀ ਬਿਆਨ ਸਿੱਧੂ ਨੇ ਹੁਣ ਇੱਕ ਵਾਰ ਫਿਰ ਤੋਂ ਦਿੱਤਾ ਹੈ। ਕੈਪਟਨ ਅਤੇ ਬਾਦਲਾਂ ਦੀ ਮਿਲੀ ਭੁਗਤ ਤੇ ਸਵਾਲ ਚੁੱਕਦਿਆਂ ਨਵਜੋਤ ਸਿੱਧੂ ਨੇ ਮੁੜ ਤੋਂ ਦੋਵਾਂ ਨੂੰ 75-25 ਕਹਿ ਕੇ ਸੰਬੋਧਨ ਕੀਤਾ ਹੈ। ਸਿੱਧੂ ਨੇ ਆਪਣੇ ਟਵੀਟ ਵਿੱਚ ਪੰਜਾਬ ਵਿੱਚ ਚੱਲ ਰਹੀ ਕੈਪਟਨ ਸਰਕਾਰ ਤੇ ਬਾਦਲਾਂ ਨਾਲ ਮਿਲੀਭੁਗਤ ਦੇ ਇਲਜ਼ਾਮ ਲਾਏ ਹਨ।

ਸਿੱਧੂ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਵਿਧਾਇਕ ਵੀ ਇਸੇ ਗੱਲ ਨਾਲ ਸਹਿਮਤ ਹਨ ਕਿ ਪੰਜਾਬ ਵਿੱਚ ਕੈਪਟਨ ਦੀ ਨਹੀਂ ਸਗੋਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕੈਪਟਨ ਸਰਕਾਰ ਉੱਪਰ ਮਾਫੀਆ ਰਾਜ ਦੀ ਮਦਦ ਕਰਨ ਦਾ ਇਲਜ਼ਾਮ ਵੀ ਲਾਇਆ।
ਉਹਨਾਂ ਆਪਣੇ ਟਵੀਟ ਵਿੱਚ ਲਿਖਿਆ ਕਿ, ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ‘ਤੇ ਸਹਿਮਤੀ ਹੈ ਕਿ ਪੰਜਾਬ ‘ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। … ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਨਣ ਦੀ ਬਜਾਇ ਅਫ਼ਸਰਸ਼ਾਹੀ ਤੇ ਪੁਲਿਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੇ ਹਨ I ਸਰਕਾਰ ਲੋਕ ਭਲਾਈ ਲਈ ਨਹੀਂ ਸਗੋਂ ਮਾਫੀਆ ਰਾਜ ਨੂੰ ਬਰਕਰਾਰ ਰੱਖਣ ਲਈ ਚੱਲ ਰਹੀ ਹੈ। #75-25
ਦੱਸ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਦੇ ਆਖਰੀ ਦਿਨ ਵੀ ਨਵਜੋਤ ਸਿੱਧੂ ਨੇ 75 25 ਵਾਲਾ ਬਿਆਨ ਦੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਸੀ। ਕੈਪਟਨ ਨਵਜੋਤ ਸਿੱਧੂ ਦੇ ਉਸ ਬਿਆਨ ਤੋਂ ਇੰਨੇ ਖਫ਼ਾ ਹੋਏ ਸੀ ਕਿ ਮੰਤਰੀ ਵੱਜੋਂ ਸਿੱਧੂ ਦਾ ਵਿਭਾਗ ਬਦਲ ਦਿੱਤਾ ਗਿਆ ਸੀ। ਪਰ ਵਿਭਾਗ ਬਦਲੀ ਤੋਂ ਨਾਰਾਜ਼ ਸਿੱਧੂ ਨੇ ਨਵੇਂ ਵਿਭਾਗ ਦਾ ਚਾਰਜ ਹੀ ਨਹੀਂ ਸੰਭਾਲਿਆ ਅਤੇ ਅਖੀਰ ਮੰਤਰੀ ਆਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਹੁਣ ਜਦੋਂ ਸਿੱਧੂ ਅਤੇ ਕੈਪਟਨ ਵਿਚਾਲੇ ਖਾਨਾਜੰਗੀ ਖੁੱਲ੍ਹ ਕੇ ਸਭ ਦੇ ਸਾਹਮਣੇ ਆ ਗਈ ਹੈ ਅਤੇ ਕੈਪਟਨ ਸਿੱਧੂ ਦੇ ਕਾਂਗਰਸ ‘ਚੋਂ ਬਾਹਰ ਜਾਣ ਦੀ ਗੱਲ ਤੱਕ ਆਖ ਚੁੱਕੇ ਹਨ ਤਾਂ ਅਜਿਹੇ ਵਿੱਚ ਨਵਜੋਤ ਸਿੱਧੂ ਨੂੰ ਲੜਨ ਲਈ ਖਾਲੀ ਮੈਦਾਨ ਮਿਲ ਗਿਆ ਅਤੇ ਉਹ ਖੁੱਲ੍ਹ ਕੇ ਕੈਪਟਨ ਉੱਪਰ ਵਾਰ ਕਰਨ ਲੱਗੇ ਹਨ।
ਪਰ ਜੋ ਵੀ ਹੋਵੇ ਸਿੱਧੂ ਦੇ 75 25 ਵਾਲੇ ਬਿਆਨ ਨੇ ਮੁੱਖ ਮੰਤਰੀ ਕੈਪਟਨ ਨੂੰ ਇੱਕ ਵਾਰ ਫਿਰ ਤੋਂ ਸੋਚਾਂ ਵਿੱਚ ਜ਼ਰੂਰ ਪਾ ਦਿੱਤਾ ਹੋਣਾ, ਕਿਉਂਕਿ ਹੁਣ ਕਿਸੇ ਕਾਰਵਾਈ ਲਈ ਸਿੱਧੂ ਕੋਲ ਸਿਰਫ ਵਿਧਾਇਕੀ ਹੀ ਬਚੀ ਹੈ। ਹੁਣ ਦੇਖਣਾ ਇਹੀ ਹੈ ਕਿ ਆਪਸੀ ਖਾਨਾਜ਼ੰਗੀ ਵਿਚਾਲੇ ਹੁਣ ਵਿਰੋਧੀ ਧਿਰਾਂ ਖਾਸ ਕਰ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ਉੱਪਰ ਕਿਹੋ ਜਿਹਾ ਐਕਸ਼ਨ ਲੈਂਦੀ ਹੈ।
