ਸਿੱਧੂ ਦੇ ਬਿਆਨਾਂ ਨੇ ਕਾਂਗਰਸ ’ਚ ਵਧਾਇਆ ‘ਸਿਆਸੀ ਪਾਰਾ’ ਪਰਗਟ ਸਿੰਘ ਦੇ ਘਰ ਪਹੁੰਚੇ ਨਵਜੋਤ ਸਿੱਧੂ

ਬੀਤੇ ਦਿਨੀਂ ਨਵਜੋਤ ਸਿੱਧੂ ਵੱਲੋਂ ਦਿੱਤੇ ਗਏ ਬਿਆਨ ਤੇ ਪੈਦਾ ਹੋਏ ਵਿਵਾਦ ਵਿਚਕਾਰ ਸ਼ੁੱਕਰਵਾਰ ਨੂੰ ਜਨਰਲ ਸਕੱਤਰ ਪਰਗਟ ਸਿੰਘ ਨੂੰ ਮਿਲਣ ਉਹਨਾਂ ਦੇ ਘਰ ਪਹੁੰਚੇ। ਪਰਗਟ ਸਿੰਘ ਨੇ ਕਿਹਾ ਕਿ ਸਿੱਧੂ ਨੇ ਕਾਂਗਰਸ ਸੰਗਠਨ ਨੂੰ ਲੈ ਕੇ ਕਾਫ਼ੀ ਦੇਰ ਤੱਕ ਮੰਥਨ ਕੀਤਾ ਪਰ ਸਿਆਸੀ ਗਲਿਆਰਿਆਂ ਵਿੱਚ ਇਸ ਬੈਠਕ ਦੇ ਕਈ ਰਾਜਨੀਤਿਕ ਮਾਅਨੇ ਵੀ ਕੱਢੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਸਿੱਧੂ ਬਦਲੇ ਸਿਆਸੀ ਮਾਹੌਲ ਤੇ ਮੰਥਨ ਕਰਨ ਆਏ ਸਨ।

ਇੱਕ ਪਾਸੇ ਉਹਨਾਂ ਦੇ ਸਲਾਹਕਾਰ ਨੇ ਅਸਤੀਫ਼ਾ ਦੇ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਇੱਕ ਬਿਆਨ ਤੇ ਵਿਵਾਦ ਸ਼ੁਰੂ ਹੋ ਗਏ ਹਨ। ਇਸ ਲਈ ਉਹ ਪਰਗਟ ਸਿੰਘ ਨਾਲ ਸਲਾਹ ਮਸ਼ਵਰਾ ਕਰਨ ਪਹੁੰਚੇ ਸਨ। ਦੱਸ ਦਈਏ ਕਿ ਨਵਜੋਤ ਸਿੱਧੂ ਨੇ ਤਲਖ਼ ਤੇਵਰ ਵਿਖਾਉਂਦਿਆਂ ਸਖ਼ਤ ਚਿਤਾਵਨੀ ਦਿੱਤੀ ਹੈ। ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਦੇ ਮੰਚ ਤੇ ਹਾਈਕਮਾਨ ਨੂੰ ਮੁਖਾਤਿਬ ਹੁੰਦਿਆਂ ਸਿੱਧੂ ਨੇ ਕਿਹਾ ਕਿ ਜੇ ਉਹਨਾਂ ਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਨਹੀਂ ਦਿੱਤੀ ਗਈ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ।
ਸਿੱਧੂ ਨੇ ਇਹ ਵੀ ਕਿਹਾ ਕਿ ਜੇ ਮੈਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਦਿੱਤੀ ਤਾਂ ਮੇਰੇ ਪੰਜਾਬ ਮਾਡਲ ਨਾਲ ਕਾਂਗਰਸ 20 ਸਾਲਾਂ ਤੱਕ ਪੰਜਾਬ ਵਿੱਚ ਰਾਜ ਕਰੇਗੀ ਪਰ ਜੇ ਮੈਨੂੰ ਫ਼ੈਸਲੇ ਲੈਣ ਦੀ ਤਾਕਤ ਨਾ ਦਿੱਤੀ ਗਈ ਤਾਂ ਉਹ ਇੱਟ ਨਾਲ ਇੱਟ ਵੀ ਖੜਕਾ ਦੇਣਗੇ। ਉਹਨਾਂ ਅੱਗੇ ਕਿਹਾ ਕਿ ਦਰਸ਼ਨੀ ਘੋੜਾ ਬਣ ਕੇ ਕੋਈ ਫਾਇਦਾ ਨਹੀਂ, ਉਹ ਪੰਜਾਬ ਲਈ ਤਾਂ ਹੀ ਕੁਝ ਕਰ ਸਕਦੇ ਹਨ ਜੇ ਉਹਨਾਂ ਨੂੰ ਫ਼ੈਸਲੇ ਲੈਣ ਦੀ ਖੁੱਲ੍ਹ ਹੋਵੇਗੀ।
