ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ, ਸਿੱਧੂ ਦੀ ਮੌਤ ਦਾ ਇਨਸਾਫ਼ ਲੈ ਕੇ ਛੱਡਾਂਗੇ

 ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ, ਸਿੱਧੂ ਦੀ ਮੌਤ ਦਾ ਇਨਸਾਫ਼ ਲੈ ਕੇ ਛੱਡਾਂਗੇ

ਮਰਹੂਮ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਚਹੇਤੇ ਸਿੱਧੂ ਦੇ ਮਾਤਾ ਪਿਤਾ ਦਾ ਦੁੱਖ ਵੰਡਾਉਣ ਲਈ ਉਹਨਾਂ ਦੇ ਘਰ ਜਾਂਦੇ ਹਨ। ਜਿਹਨਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਤੇ ਮਾੜਾ ਸਮਾਂ ਚਲਦੇ ਨੂੰ 4-5 ਮਹੀਨੇ ਹੋ ਗਏ ਹਨ ਅਤੇ ਪਿਛਲੀ ਦਿਨੀਂ ਕੱਢੇ ਗਏ ਕੈਂਡਲ ਮਾਰਚ ਲਈ ਮੈਂ ਆਪਣੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਸਭ ਨੇ ਸਾਡਾ ਸਾਥ ਦਿੱਤਾ ਹੈ।

ਉਹਨਾਂ ਕਿਹਾ ਕਿ, ਇਹ ਲੜਾਈ ਕਾਫ਼ੀ ਲੰਬੀ ਜਾਵੇਗੀ ਕਿਉਂ ਕਿ ਬਾਹਰੀ ਸੂਬਿਆਂ ਤੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਹੈ। ਇਸ ਲਈ ਜ਼ਿਆਦਾ ਸਮਾਂ ਲੱਗਣਾ ਲਾਜ਼ਮੀ ਹੈ। ਉਹਨਾਂ ਕਿਹਾ ਕਿ ਆਪਾਂ ਵੀ ਜ਼ਾਬਤੇ ਵਿੱਚ ਰਹਿ ਕੇ ਇਸ ਦਾ ਇੰਤਜ਼ਾਰ ਕਰਾਂਗੇ ਅਤੇ ਇਨਸਾਫ਼ ਲੈ ਕੇ ਛੱਡਾਂਗੇ, ਜੋ ਕਿ ਸਾਡਾ ਅਧਿਕਾਰ ਵੀ ਹੈ। ਉਹਨਾਂ ਕਿਹਾ ਕਿ ਇਨਸਾਫ਼ ਨਾ ਮਿਲਣ ਵਾਲੀ ਗੱਲ ਦਿਮਾਗ਼ ਵਿਚੋਂ ਕੱਢ ਦੇਵੋ ਕਿਉਂਕਿ ਇਹ ਕਤਲ ਇੱਕ ਸਾਧ ਬੰਦੇ ਦਾ ਹੋਇਆ ਹੈ।

ਜੁਰਮ ਦੀ ਇੱਕ ਹੱਦ ਹੁੰਦੀ ਹੈ, ਪਰ ਇਹਨਾਂ ਨੇ ਸਾਡੀਆਂ ਹੱਦਾਂ ਤੋੜ ਦਿੱਤੀਆਂ ਹਨ ਅਤੇ ਇੱਕ ਭਲੇਮਾਣਸ ਬੰਦੇ ਨੂੰ ਮਾਰ ਦਿੱਤਾ ਜਿਸ ਨੂੰ ਕੋਈ ਵੀ ਖੌਫ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿੱਧੂ ਦਾ ਸੁਪਨਾ ਸੀ ਕਿ ਇੱਥੇ ਇੱਕ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ ਬਣਾਇਆ ਜਾਵੇ ਜਿੱਥੇ ਹਰ ਬਿਮਾਰੀ ਦਾ ਆਸਾਨੀ ਨਾਲ ਇਲਾਜ ਹੋ ਸਕੇ, ਪਰ ਉਹ ਸੁਪਨਾ ਪੂਰਾ ਨਹੀਂ ਹੋ ਸਕਿਆ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਬੌਖਲਾਹਟ ਵਿਚ ਆਏ ਬਿਨਾਂ ਲੜਾਈ ਲੜਨੀ ਹੈ ਤੇ ਇਸ ਲਈ ਜਿੱਥੇ ਵੀ ਜਾਣਾ ਪਿਆ ਉਥੇ ਤੱਕ ਪਹੁੰਚਾਂਗੇ। ਉਹਨਾਂ ਅੱਗੇ ਕਿਹਾ ਕਿ, ਜੇ ਸਿੱਧੂ ਦੇ ਮਨ ਵਿੱਚ ਇੱਕ ਫ਼ੀਸਦੀ ਵੀ ਦੁਸ਼ਮਣੀ ਵਾਲਾ ਜਾਂ ਕੋਈ ਵਿਚਾਰ ਚਲਦਾ ਹੁੰਦਾ ਹੈ ਤਾਂ ਉਹ ਬਾਥਰੂਮ ਚੱਪਲਾਂ ਪਾ ਕੇ ਘਰੋਂ ਸ਼ਹਿਰ ਨਾ ਜਾਂਦਾ ਕਿਉਂ ਕਿ ਉਸ ਨੂੰ ਲਗਦਾ ਸੀ ਕਿ ਮੇਰਾ ਇਸ ਦੁਨੀਆ ਤੇ ਕੋਈ ਵੀ ਦੁਸ਼ਮਣ ਨਹੀਂ ਹੈ।

ਉਹਨਾਂ ਕਿਹਾ ਕਿ ਸਿੱਧੂ ਨੇ 28 ਸਾਲ ਜ਼ਿੰਦਗੀ ਆਪਣੇ ਮਾਪਿਆਂ ਲਈ ਜਿਉਂਈ ਸੀ ਅਤੇ ਜਿਸ ਤਰ੍ਹਾਂ ਉਹ ਮੈਨੂੰ ਆਪਣੇ ਮਨਸੂਬੇ ਦੱਸਦਾ ਹੁੰਦਾ ਸੀ, ਉਸ ਦੀ ਇਹ ਇੱਛਾ ਸੀ ਕਿ ਮੈਂ ਆਪਣੇ ਹਲਕੇ ਦਾ ਅਤੇ ਆਪਣੇ ਇਲਾਕੇ ਦਾ ਪੁੱਤ ਬਣ ਕੇ ਦਿਖਾਵਾਂ। ਉਹਨਾਂ ਕਿਹਾ ਕਿ, ਜੇ ਉਸ ਨੂੰ ਦੋ ਚਾਰ ਸਾਲ ਦਾ ਸਮਾਂ ਹੋਰ ਮਿਲ ਜਾਂਦਾ ਤਾਂ ਮਾਨਸਾ ਜ਼ਿਲ੍ਹੇ ਦੀ ਤਸਵੀਰ ਕੁਝ ਹੋਰ ਹੋਣੀ ਸੀ।

Leave a Reply

Your email address will not be published.