ਸਿੱਧੂ ਦੀ ਵੱਖਰੀ ਪਾਰਟੀ ਬਣਾਉਣ ਦੀ ਤਿਆਰੀ? ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਕੀਤੀ ਮੁਲਾਕਾਤ

ਪ੍ਰਸ਼ਾਂਤ ਕਿਸ਼ੋਰ ਦੀ ਨਵਜੋਤ ਸਿੱਧੂ ਨਾਲ ਮੁਲਾਕਾਤ ਨੇ ਪੰਜਾਬ ਕਾਂਗਰਸ ਵਿੱਚ ਹਲਚਲ ਮਚਾ ਦਿੱਤੀ ਹੈ। ਪਾਰਟੀ ਹਲਕਿਆਂ ਵਿੱਚ ਚਰਚਾ ਹੈ ਕਿ ਸਿੱਧੂ ਪੰਜਾਬ ਦੇ ਮੁੱਦਿਆਂ ਤੇ ਲੜਨ ਲਈ ਉਹਨਾਂ ਦੇ ਵਿਚਾਰਾਂ ਨਾਲ ਮੇਲ ਖਾਂਦੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਖੇਤਰੀ ਫਰੰਟ ਬਣਾਉਣਤੇ ਵਿਚਾਰ ਕਰ ਰਹੇ ਹਨ। ਮੰਗਲਵਾਰ ਨੂੰ ਸਿੱਧੂ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਆਪਣੀ ਤਸਵੀਰ ਟਵੀਟ ਕੀਤੀ ਸੀ।

ਉਹਨਾਂ ਨੇ ਲਿਖਿਆ ਕਿ, ਪੁਰਾਣੇ ਦੋਸ ਪੀਕੇ ਨਾਲ ਇੱਕ ਸ਼ਾਨਦਾਰ ਮੁਲਾਕਾਤ, ਪੁਰਾਣੀ ਸ਼ਰਾਬ, ਪੁਰਾਣਾ ਸੋਨਾ ਅਤੇ ਪੁਰਾਣੇ ਦੋਸਤ ਸਭ ਤੋਂ ਵਧੀਆ ਹਨ। ਦੱਸ ਦਈਏ ਕਿ ਪ੍ਰਸ਼ਾਂਤ ਕਿਸ਼ੋਰ ਨੇ ਇੰਪਾਵਰਡ ਐਕਸ਼ਨ ਗਰੁੱਪ 2024 ਦੇ ਹਿੱਸੇ ਵਜੋਂ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।
ਭਾਵੇਂ ਖੇਤਰੀ ਫਰੰਟ ਦੇ ਗਠਨ ਨੂੰ ਲੈ ਕੇ ਸਿੱਧੂ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ 2024 ਦੀਆਂ ਸੰਸਦੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪੀਕੇ ਨਾਲ ਉਹਨਾਂ ਦੀ ਮੁਲਾਕਾਤ ਨੂੰ ਵੱਖ-ਵੱਖ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ।
ਪਿਛਲੇ ਦਿਨਾਂ ਵਿੱਚ ਸਿੱਧੂ ਪਾਰਟੀ ਦੇ ਸਾਬਕਾ ਵਿਧਾਇਕਾਂ ਤੇ ਪਾਰਟੀ ਵਿਚੋਂ ਕੱਢੇ ਗਏ ਵਿਧਾਇਕਾਂ ਨੂੰ ਵੀ ਮਿਲਦੇ ਰਹੇ ਹਨ। ਸਿੱਧੂ ਨੇ ਇਹਨਾਂ ਦਿਨਾਂ ਵਿੱਚ ਅਮਨ-ਕਾਨੂੰਨ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮਿਲਣ ਤੋਂ ਲੈ ਕੇ ਰਾਜਪੁਰਾ ਥਰਮਲ ਪਲਾਂਟ ਦੇ ਬਾਹਰ ਧਰਨੇ ਤੱਕ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।
