ਲੁਧਿਆਣਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪਾਂ ਨੂੰ ਲੈ ਕੇ ਸਿੱਖ ਸੰਗਤਾਂ ਦਾ ਗੁੱਸਾ ਵਧਦਾ ਹੀ ਜਾ ਰਿਹਾ ਹੈ, ਜਿਸ ਕਾਰਨ ਹੁਣ ਸਿੱਖ ਸੰਗਤਾਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਆ ਗਏ ਨੇ, ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਸਥਿਤ ਗੁਰਦੁਆਰਾ ਨਿੰਮਸਰ ਸਾਹਿਬ ਵਿਖੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿੱਖ ਸੰਗਤਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਪੰਥਕ ਅਕਾਲੀ ਲਹਿਰ ਅਤੇ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪ ਦੇ ਮਾਮਲੇ ਤੇ ਐਸਜੀਪੀਸੀ ਦੇ ਪ੍ਰਧਾਨ ਦਾ ਘਿਰਾਓ ਕੀਤਾ ਗਿਆ ਅਤੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ, ਇਸ ਦੌਰਾਨ ਸਿੱਖ ਸੰਗਤਾਂ ਨੇ ਪ੍ਰਧਾਨ ਲੌਂਗੋਵਾਲ ਦੀ ਗੱਡੀ ਨੂੰ ਘੇਰਾ ਪਾ ਲਿਆ, ਅਤੇ ਪੰਥ ਗੱਦਾਰ ਦੇ ਨਾਅਰੇ ਵੀ ਲਾਏ, ਕੁੱਝ ਸਿੰਘ ਲੌਂਗੋਵਾਲ ਦੀ ਗੱਡੀ ਦੇ ਅੱਗੇ ਲੰਮੇ ਪੈ ਗਏ।
ਹਾਲਾਂਕਿ ਵੀਡੀਓ 30 ਅਗਸਤ ਦੀ ਦੱਸੀ ਜਾ ਰਹੀ ਹੈ, ਪਰ ਮੌਕੇ ਤੇ ਮੌਜੂਦ ਸਿੱਖ ਸੰਗਤਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਦੇ ਮਾਮਲੇ ਵਿੱਚ ਜਾਂਚ ਕਮੇਟੀ ਨੇ ਸਰੂਪਾਂ ਦੀ ਗਿਣਤੀ ਵਧਾ ਕੇ 267 ਤੋਂ 328 ਤਾਂ ਕਰ ਦਿੱਤੀ, ਪਰ ਇਹ ਸਰੂਪ ਆਖਿਰ ਗਏ ਕਿਥੇ ਇਸ ਬਾਰੇ ਕੋਈ ਵੀ ਜਾਂਚ ਨਹੀਂ ਕੀਤੀ ਗਈ, ਉਨ੍ਹਾਂ ਕਿਹਾ ਸਿੱਖ ਸੰਗਤਾਂ ਦੇ ਵਿਰੋਧ ਦਾ ਮਕਸਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰਾਂ ਨੂੰ ਇਹ ਦਰਸਾਉਣਾ ਸੀ ਕਿ ਉਹ ਪੰਥ ਦੇ ਕਿੰਨੇ ਵੱਡੇ ਦੋਸ਼ੀ ਹਨ।
ਇਸ ਮਾਮਲੇ ਵਿੱਚ ਹੁਣ ਵਿਰੋਧ ਪ੍ਰਦਰਸ਼ਨ ਅਤੇ ਬਿਆਨਬਾਜ਼ੀਆਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਨੇ, ਸੰਗਤਾਂ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਤੇ ਸਰੂਪ ਚੋਰੀ ਕਰਨ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਦੇ ਇਲਜ਼ਾਮ ਲਾ ਰਹੀਆਂ ਨੇ, ਜਦਕਿ ਸ਼੍ਰੋਮਣੀ ਕਮੇਟੀ ਦੋਸ਼ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਫਿਲਹਾਲ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਵਿਰੋਧ ਆਉਣ ਵਾਲੇ ਦਿਨਾ ਵਿੱਚ ਇਸ ਮਾਮਲੇ ਦੇ ਹੋਰ ਭੜਕਣ ਬਾਰੇ ਜ਼ਰੂਰ ਇਸ਼ਾਰਾ ਕਰ ਰਿਹਾ ਹੈ।
