ਸਿੱਖਿਆ ਮੰਤਰੀ ਵੱਲੋਂ ਵਿਦਿਆਰਥੀਆਂ ਦੀਆਂ ਮੁਫ਼ਤ ਵਰਦੀਆਂ ਲਈ 92.95 ਕਰੋੜ ਰੁਪਏ ਜਾਰੀ

ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ 92.95 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਤੀ ਹੈ। ਸਿੱਖਿਆ ਮੰਤਰੀ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਬਲਾਕ ਪ੍ਰਾਇਮਰੀ ਅਫ਼ਸਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਨਿਯਮਾਂ ਮੁਤਾਬਕ ਵਰਦੀਆਂ ਖਰੀਦਣ ਤੇ ਕਿਸੇ ਵੀ ਵਿਸ਼ੇਸ਼ ਦੁਕਾਨ ਤੋਂ ਵਰਦੀਆਂ ਖਰੀਦਣ ਸਬੰਧੀ ਲਿਖਤੀ ਜਾਂ ਜ਼ੁਬਾਨੀ ਹੁਕਮ ਨਾ ਦਿੱਤੇ ਜਾਣ।

ਜੇ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਅਤੇ ਪਹਿਲੀਂ ਤੋਂ ਅੱਠਵੀਂ ਜਮਾਤ ਤੱਕ ਦੀਆਂ ਸਮੂਹ ਐਸਸੀ/ਐਸਟੀ/ਬੀਪੀਐਲ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ ਮਿਲੇਗੀ।

ਇਹਨਾਂ ਵਿਦਿਆਰਥੀਆਂ ਦੀ ਕੁੱਲ ਗਿਣਤੀ 15,491,92 ਹੈ ਅਤੇ ਪ੍ਰਤੀ ਵਿਦਿਆਰਥੀ 600 ਰੁਪਏ ਦੇ ਹਿਸਾਬ ਨਾਲ ਵਰਦੀਆਂ ਖਰੀਦਣ ਲਈ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਕੁੱਲ 92.95 ਰੁਪਏ ਜਾਰੀ ਕੀਤੇ ਗਏ ਹਨ। ਉਹਨਾਂ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਮੁਫ਼ਤ ਵਰਦੀ ਹਾਸਲ ਕਰਨ ਵਾਲੇ ਕੁੱਲ ਲਾਭਪਾਤਰੀ ਵਿਦਿਆਰਥੀਆਂ ਵਿੱਚੋਂ 8,45,429 ਕੁੜੀਆਂ ਲਈ 50.72 ਕਰੋੜ ਰੁਪਏ, 5,45,993 ਐਸ.ਸੀ. ਲੜਕਿਆਂ ਲਈ 32.75 ਕਰੋੜ ਰੁਪਏ ਅਤੇ 1,57,770 ਬੀ.ਪੀ.ਐਲ. ਲੜਕਿਆਂ ਲਈ 9.46 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
