ਸਿੱਖਿਆ ਮੰਤਰੀ ਬੈਂਸ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ, ਮਾਮਲਾ ਦਰਜ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੋਸ਼ਲ ਮੀਡੀਆ ਤੇ ਵੀਡੀਓ ਰਾਹੀਂ ਧਮਕੀ ਦੇਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਦੇ ਹਲਕਾ ਵਿਭੋਰ ਸਾਹਿਬ ਦਾ ਰਹਿਣ ਵਾਲਾ ਹੈ। ਇਸ ਮੁਲਜ਼ਮ ਵਿਅਕਤੀ ਨੇ ਮੰਤਰੀ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਧਮਕੀ ਵੀ ਦਿੱਤੀ ਸੀ।
ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਪਰ ਇਸ ਤੋਂ ਬਾਅਦ ਖੁਲਾਸਾ ਹੋਇਆ ਕਿ ਉਕਤ ਨੌਜਵਾਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ। ਇਸੇ ਕਾਰਨ ਉਸ ਨੇ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਦੇ ਚਲਦਿਆਂ ਇਹ ਧਮਕੀ ਭਰੀ ਵੀਡੀਓ ਬਣਾਈ ਸੀ।
ਜਾਣਕਾਰੀ ਮੁਤਾਬਕ ਮੁਲਜ਼ਮ ਵਿਅਕਤੀ ਨੇ ਵੀਡੀਓ ਵਿੱਚ ਜਿਹੜੀ ਪਿਸਤੌਲ ਦਿਖਾਈ ਹੈ ਉਹ ਟੁਆਏ ਗੰਨ ਸੀ। ਅਦਾਲਤ ਨੇ ਮੁਲਜ਼ਮ ਨੂੰ ਰੋਪੜ ਜੇਲ੍ਹ ਵਿੱਚ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ 2 ਦਿਨ ਪਹਿਲਾਂ ਇੱਖ ਨੌਜਵਾਨ ਨੇ ਹਥਿਆਰ ਸਮੇਤ ਇੰਸਟਾਗ੍ਰਾਮ ਤੇ ਵੀਡੀਓ ਅਪਲੋਡ ਕਰਕੇ ਐਸਐਚਓ ਸਮੇਤ ਹੋਰਾਂ ਨੂੰ ਧਮਕਾਇਆ ਸੀ। ਪੁਲਿਸ ਟੀਮ ਜਿਸ ਸਮੇਂ ਮੁਲਜ਼ਮ ਨੂੰ ਫੜਨ ਗਈ ਤਾਂ ਉਸ ਨੇ ਪੁਲਿਸ ਮਾਲਜ਼ਮਾਂ ਤੇ ਵੀ ਹਮਲਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਤੇ ਕੇਸ ਦਰਜ ਕਰ ਦਿੱਤਾ ਹੈ।