ਸਿੰਘੂ ਬਾਰਡਰ ਦੀ ਸਟੇਜ ਤੋਂ ਬੋਲੇ ਕਿਸਾਨ ਆਗੂ ਬਲਬੀਰ ਰਾਜੇਵਾਲ, ਕੇਂਦਰ ਨਾਲ ਹੋਈ ਬੈਠਕ ਬਾਰੇ ਦਿੱਤੀ ਜਾਣਕਾਰੀ

ਦਿੱਲੀ ‘ਚ ਚੱਲ ਰਿਹੈ ਕਿਸਾਨ ਅੰਦੋਲਨ ਸਿਖਰਾਂ ‘ਤੇ ਹੈ। ਕਿਸਾਨਾਂ ਅਤੇ ਕੇਂਦਰ ਦੀਆਂ ਬੈਠਕਾਂ ਵੀ ਲਗਾਤਾਰ ਜਾਰੀ ਹਨ। ਬੀਤੇ ਕੱਲ੍ਹ ਕੇਂਦਰ ਅਤੇ ਕਿਸਾਨਾਂ ਵਿਚਾਲੇ 8ਵੇਂ ਗੇੜ ਦੀ ਗੱਲਬਾਤ ਹੋਈ ਹੈ ਜਿਸ ਤੋਂ ਬਾਅਦ ਹੁਣ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਿੰਘੂ ਬਾਰਡਰ ਦੀ ਸਟੇਜ ਤੋਂ ਮੀਟਿੰਗ ਵਿੱਚ ਹੋਈ ਚਰਚਾ ਬਾਰੇ ਜਾਣਕਾਰੀ ਦਿੱਤੀ।

ਨਾਲ ਹੀ ਰਾਜੇਵਾਲ ਨੇ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾ ਖ਼ਤਮ ਨਹੀਂ ਹੋਵੇਗਾ। ਰਾਜੇਵਾਲ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਮੀਟਿੰਗ ਦੌਰਾਨ ਕੇਂਦਰੀ ਮੰਤਰੀਆਂ ਨੂੰ ਮੋੜਵੇਂ ਜਵਾਬ ਦਿੱਤੇ ਗਏ। ਰਾਜੇਵਾਲ ਨੇ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕਰਨ ਦੀ ਨਸੀਹਤ ਵੀ ਦਿੱਤੀ।
ਰਾਜੇਵਾਲ ਨੇ ਕਿਹਾ ਕਿ ਕਿਸਾਨੀ ਅੰਦੋਲਨ ਦਾ ਕੇਂਦਰ ਸਰਕਾਰ ‘ਤੇ ਪੂਰਾ ਦਬਾਅ ਬਣਿਆ ਹੋਇਆ ਹੈ। ਉਹਨਾਂ ਭਾਸ਼ਣ ਦੌਰਾਨ ਨੌਜਵਾਨ ਨੂੰ ਸ਼ਰਾਬ ਨਾ ਪੀਣ ਅਤੇ ਮੋਰਚੇ ਦੀ ਸ਼ਾਤੀ ਬਣਾਈ ਰੱਖ ਦੀ ਅਪੀਲ ਕੀਤੀ। ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਵਾਪਿਸ ਜਾਣਗੇ।
ਕਿਸਾਨ ਲੀਡਰ ਰਾਜੇਵਾਲ ਨੇ ਧਰਨੇ ਵਿੱਚ ਪਹੁੰਚੇ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੁਲੜਬਾਜ਼ੀ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਉਹਨਾਂ ਅੰਦੋਲਨਕਾਰੀਆਂ ਨੂੰ ਸ਼ਾਤਮਈ ਰਹਿਣ ਦੀ ਗੱਲ ਆਖੀ ਹੈ। ਰਾਜੇਵਾਲ ਵੱਲੋਂ 26 ਜਨਵਰੀ ਨੂੰ ਵੱਧ ਤੋਂ ੜੱਧ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਹੈ।
ਫਿਲਹਾਲ ਦਿੱਲੀ ਵਿੱਚ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨਾਂ ਅਤੇ ਕੇਂਦਰ ਵਿਚਾਲੇ ਮੀਟਿੰਗਾਂ ਦਾ ਦੌਰ ਜਾਰੀ ਹੈ। ਇੱਕ ਪਾਸੇ ਜਿੱਥੇ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਨੇ ਤਾਂ ਦੂਜੇ ਪਾਸੇ ਕੇਂਦਰ ਵੱਲੋਂ ਕਾਨੂੰਨਾਂ ‘ਚ ਸੋਧ ਕਰਨ ਦੀ ਗੱਲ ਆਖੀ ਜਾ ਰਹੀ ਹੈ।
