ਸਿੰਘੂ ਬਾਰਡਰ ’ਤੇ ਵਾਪਰੀ ਹਿੰਸਾ ਨੂੰ ਲੈ ਕੇ ਪੁਲਿਸ ਪ੍ਰਸਾਸ਼ਨ ‘ਤੇ ਉਠੇ ਸਵਾਲ, ਕਿਵੇਂ ਪਹੁੰਚੇ ਪੱਥਰਬਾਜ਼ੀ ਕਰਨ ਵਾਲੇ ਲੋਕ

ਗਣਤੰਤਰ ਦਿਵਸ ਮੌਕੇ ਟ੍ਰੈਕਟਰ ਮਾਰਚ ਦੌਰਾਨ ਦਿੱਲੀ ’ਚ ਹਿੰਸਾ ਤੋਂ ਬਾਅਦ ਕਿਸਾਨ ਅੰਦੋਲਨ ਕੁਝ ਠੰਢਾ ਪੈਂਦਾ ਦਿਸ ਰਿਹਾ ਸੀ ਪਰ ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਹੰਝੂਆਂ ਤੋਂ ਬਾਅਦ ਕਿਸਾਨਾਂ ਵਿੱਚ ਦੁਬਾਰਾ ਜੋਸ਼ ਪੈਦਾ ਹੋ ਰਿਹਾ ਹੈ। ਇਸ ਦੌਰਾਨ ਸਿੰਘੂ ਬਾਰਡਰ ਉੱਤੇ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਸਥਾਨਕ ਲੋਕਾਂ ਵਿਚਾਲੇ ਸ਼ੁੱਕਰਵਾਰ ਦੁਪਹਿਰ ਪੱਥਰਬਾਜ਼ੀ ਦੀ ਜਾਣਕਾਰੀ ਮਿਲੀ ਹੈ।

ਹਾਲਾਤ ਉੱਤੇ ਕਾਬੂ ਪਾਉਣ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਵੀ ਛੱਡਣੇ ਪਏ। ਸਿੰਘੂ ਬਾਰਡਰ ਪੁੱਜੇ ਸਥਾਨਕ ਲੋਕਾਂ ਨੇ ਪਹਿਲਾਂ ਨਾਅਰੇਬਾਜ਼ੀ ਕੀਤੀ ਤੇ ਕੁਝ ਸਮੇਂ ਬਾਅਦ ਕਿਸਾਨਾਂ ਦੀਆਂ ਵਾਸ਼ਿੰਗ ਮਸ਼ੀਨਾਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ। ਖ਼ੁਦ ਨੂੰ ਸਥਾਨਕ ਦੱਸਣ ਵਾਲੇ ਲੋਕਾਂ ਨੇ ਕੁਝ ਤੰਬੂ ਵੀ ਢਾਹ ਦਿੱਤੇ; ਜਿਸ ਤੋਂ ਬਾਅਦ ਹਾਲਾਤ ਬੇਕਾਬੂ ਹੋ ਗਏ।
ਪੁਲਿਸ ਨੂੰ ਤਦ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ। ਇਸ ਦੌਰਾਨ ਇੱਕ ਵਿਅਕਤੀ ਨੇ ਸਥਾਨਕ ਐਸਐਚਓ ਉੱਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੂੰ ਪੁਲਿਸ ਦੇ ਨਾਲ ਹੀ ਪ੍ਰਦਰਸ਼ਨ ਕਰਨ ਆਏ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ ਤੇ ਚੁੱਕ ਕੇ ਨਾਲ ਹੀ ਲੈ ਗਏ। ਬਾਅਦ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਉਧਰ, ਇਸ ਝੜਪ ਨੇ ਪੁਲਿਸ ਪ੍ਰਸਾਸ਼ਨ ਉੱਪਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਪਥਰਾਅ ਦੀ ਘਟਨਾ ਅੱਜ ਦੁਪਹਿਰੇ ਲਗਪਗ ਇੱਕ ਵਜੇ ਸ਼ੁਰੂ ਹੋਈ, ਜਦੋਂ ਸਿੰਘੂ ਬਾਰਡਰ ਉੱਤੇ ਪੁੱਜੇ ਲੋਕਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਉੱਤੇ ਜਾਣ ਦੀ ਇਜਾਜ਼ਤ ਦਿੱਤੀ ਗਈ। ਪ੍ਰਦਰਸ਼ਨਕਾਰੀ ਕਿਸਾਨਾਂ ਤੇ ਇਨ੍ਹਾਂ ਲੋਕਾਂ ਵਿਚਾਲੇ ਸਿਰਫ਼ ਬੈਰੀਕੇਡ ਰਹਿ ਗਿਆ ਸੀ।
ਅਜਿਹੇ ਹਾਲਾਤ ਵਿੱਚ ਸੁਆਲ ਉੱਠਦਾ ਹੈ ਕਿ ਸਖ਼ਤ ਸੁਰੱਖਿਆ ਵਿਵਸਥਾ ਦੇ ਬਾਵਜੂਦ ਖ਼ੁਦ ਨੂੰ ਲੋਕਲ ਦੱਸਣ ਵਾਲੇ ਲੋਕਾਂ ਨੂੰ ਇੰਨਾ ਅੱਗੇ ਕਿਵੇਂ ਆਉਣ ਦਿੱਤਾ ਗਿਆ; ਜਦਕਿ ਮੀਡੀਆ ਦੀ ਗੱਡੀ ਤੇ ਦਿੱਲੀ ਸਰਕਾਰ ਦੇ ਟੈਂਕਰਾਂ ਨੂੰ ਵੀ ਇੱਕ ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਜਾਂਦਾ ਹੈ।
