ਸਿੰਘੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮ, ਸੁੱਟੇ ਹੰਝੂ ਗੈਸ ਦੇ ਗੋਲੇ

ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨ ਦਿੱਲੀ ਦਾ ਘਿਰਾਓ ਕਰਨ ਜਾ ਰਹੇ ਹਨ। ਕਿਸਾਨ ਦਿੱਲੀ ਵੱਲ ਕੂਚ ਕਰਦੇ ਜਾ ਰਹੇ ਹਨ। ਸਿੰਘੂ ਬਾਰਡਰ ਤੇ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਦੇੜ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ। ਇੱਥੇ ਵੱਡੀ ਗਿਣਤੀ ਵਿੱਚ ਸੁਰੱਖਾ ਕਰਮਚਾਰੀ ਤਾਇਨਾਤ ਹਨ।

ਵੱਖ ਵੱਖ ਥਾਵਾਂ ਤੇ ਬੈਰੀਕੇਡਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਰੋਹਤਕ-ਝੱਗਰ ਸਰਹੱਦ, ਦਿੱਲੀ-ਗੁਰੂਗਰਾਮ ਤੇ ਦਿੱਲੀ-ਜੰਮੂ ਕਸ਼ਮੀਰ ਤੇ ਵੀ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਹਰਿਆਣਾ ਵਿੱਚ ਵੀਰਵਾਰ ਨੂੰ ਕਈ ਥਾਵਾਂ ਤੇ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਝੜਪ ਵੀ ਦੇਖਣ ਨੂੰ ਮਿਲੀ।
ਪੁਲਿਸ ਵਲੋਂ ਲਾਏ ਗਏ ਬੈਰੀਕੇਡ, ਪੱਥਰ ਤੇ ਮਿੱਟੀ ਦੇ ਢੇਰ ਨੂੰ ਹਟਾ ਕੇ ਕਿਸਾਨ ਹਰਿਆਣਾ ਵਿੱਚ ਦਾਖਲ ਹੋ ਗਏ। ਪੰਜਾਬ-ਹਰਿਆਣਾ ਸਰਹੱਦ ਤੇ ਹਰਿਆਣਾ ਪੁਲਿਸ ਨੇ ਕੁੱਲ 9 ਥਾਵਾਂ ਤੇ ਸੀਲਬੰਦੀ ਕੀਤੀ ਹੋਈ ਸੀ। ਇਸ ਵਿੱਚ ਸੱਤ ਥਾਂ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ।
ਦਸ ਦਈਏ ਕਿ ਕਿਸਾਨਾਂ ਨੂੰ ਰੋਕਣ ਅਤੇ ਅੰਦੋਲਨ ਨੂੰ ਅਸਫ਼ਲ ਕਰਨ ਲਈ ਪੁਲਸ ਪ੍ਰਸ਼ਾਸਨ ਨੇ ਪੂਰਾ ਬੰਦੋਬਸਤ ਕੀਤਾ ਸੀ ਪਰ ਸਾਰੇ ਬੰਦੋਬਸਤ ਕਿਸਾਨਾਂ ਦੇ ਹੌਂਸਲੇ ਅੱਗੇ ਫਿਕੇ ਪੈਂਦੇ ਨਜ਼ਰ ਆ ਰਹੇ ਹਨ। ਕੈਥਲ ਜ਼ਿਲ੍ਹੇ ‘ਚ ਪਟਿਆਲਾ-ਚੀਕਾ ਮਾਰਗ ‘ਤੇ ਪੰਜਾਬ ਸਰਹੱਦ ‘ਤੇ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ।
ਪੰਜਾਬ ਦੇ ਕਿਸਾਨ ਨਾਅਰੇਬਾਜ਼ੀ ਕਰ ਰਹੇ ਸਨ। ਪ੍ਰਸ਼ਾਸਨ ਵਲੋਂ ਕੀਤੀ ਗਈ ਘੇਰਾਬੰਦੀ ਕੰਮ ਨਹੀਂ ਆਈ। ਕਿਸਾਨ ਪੈਦਲ ਖੇਤਾਂ ਦੇ ਰਸਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਅੰਬਾਲਾ ਦੇ ਸ਼ੰਭੂ ਸਰਹੱਦ ‘ਤੇ ਪਾਣੀ ਦੀਆਂ ਤੋਪਾਂ ਚਲਾਈਆਂ ਗਈਆਂ ਸਨ ਪਰ ਕਿਸਾਨ ਬੈਰੀਕੇਡ ਤੋੜਦੇ ਹੋਏ ਅੱਗੇ ਵੱਧ ਗਏ।
