ਸਿਹਤ ਮੰਤਰੀ ਬਣਨ ਤੋਂ ਬਾਅਦ ਪਟਿਆਲਾ ਪਹੁੰਚੇ ਮੰਤਰੀ ਡਾ. ਬਲਬੀਰ, ਗਾਰਡ ਆਫ ਆਨਰ ਨਾਲ ਕੀਤਾ ਗਿਆ ਸਨਮਾਨਿਤ

ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅੱਜ ਪਟਿਆਲਾ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਅਤੇ ਇਤਿਹਾਸਿਕ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਏ।
ਇੱਥੇ ਉਨ੍ਹਾਂ ਵੱਲੋਂ ਸਿਹਤ ਮੰਤਰੀ ਬਣਨ ਤੋਂ ਬਾਅਦ ਧਾਰਮਿਕ ਸਥਾਨਾਂ ’ਤੇ ਪਹੁੰਚ ਕੇ ਮਾਤਾ ਦਾ ਸ਼ੁਕਰਾਨਾ ਕੀਤਾ ਗਿਆ, ਉਥੇ ਹੀ ਪਟਿਆਲਾ ਦੇ ਸਰਕਟ ਹਾਊਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਡਾਕਟਰ ਬਲਬੀਰ ਸਿੰਘ ਨੂੰ ਗਾਰਡ ਆਫ ਆਨਰ ਨਾਲ ਸਨਮਾਨਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਬਲਬੀਰ ਨੇ ਕਿਹਾ ਕਿ, “ਪੰਜਾਬ ਦੇ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ। ਉਨ੍ਹਾਂ ਸਿਹਤ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਤੋਂ ਥੋੜਾ ਸਮਾਂ ਮੰਗਦੇ ਹੋਏ ਕਿਹਾ ਕਿ ਜਲਦੀ ਹੀ ਪੰਜਾਬ ਵਿਚ ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ ਅਤੇ ਲੋਕਾਂ ਨੂੰ ਵਧੀਆ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।”