ਸਿਸੋਦੀਆ ਦੇ ਘਰ ਸੀਬੀਆਈ ਦੀ ਰੇਡ ਕਰਵਾਈ ਗਈ, ਦੇਸ਼ ਕਿਵੇਂ ਤਰੱਕੀ ਕਰੇਗਾ: ਸੀਐਮ ਮਾਨ

 ਸਿਸੋਦੀਆ ਦੇ ਘਰ ਸੀਬੀਆਈ ਦੀ ਰੇਡ ਕਰਵਾਈ ਗਈ, ਦੇਸ਼ ਕਿਵੇਂ ਤਰੱਕੀ ਕਰੇਗਾ: ਸੀਐਮ ਮਾਨ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸਮੇਤ 21 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਵੱਖ-ਵੱਖ ਲੀਡਰਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦਿੱਲੀ ਦੇ ਵਿਕਾਸ ਮੰਤਰੀ ਗੋਪਾਲ ਰਾਏ ਨੇ ਟਵੀਟ ਕੀਤਾ ਕਿ, ਨਿਊਯਾਰਕ ਟਾਈਮਜ਼ ਜਿਸ ਦਿਨ ਮਨੀਸ਼ ਸਿਸੋਦੀਆ ਦੇ ਕੰਮਾਂ ਦੀ ਤਾਰੀਫ਼ ਕਰਨ ਵਾਲੀ ਖ਼ਬਰ ਛਾਪਦਾ ਹੈ, ਉਸੇ ਦਿਨ ਸੀਬੀਆਈ ਦੇ ਛਾਪੇ ਮਾਰੇ ਜਾਂਦੇ ਹਨ।

ਦਿੱਲੀ ਦਾ ਸਿੱਖਿਆ ਅਤੇ ਸਿਹਤ ਮਾਡਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਿਹਾ ਹੈ। ਮੋਦੀ ਸਰਕਾਰ ਇਸ ਨੂੰ ਰੋਕਣਾ ਚਾਹੁੰਦੀ ਹੈ। ਚੰਗੇ ਕੰਮਾਂ ਨੂੰ ਰੋਕਣ ਲਈ ਏਜੰਸੀਆਂ ਦੀ ਦੁਰਵਰਤੋਂ ਕਰਨਾ ਦੁੱਖ ਦੀ ਗੱਲ ਹੈ। ਇਸ ਛਾਪੇਮਾਰੀ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ, ਮਨੀਸ਼ ਸਿਸੋਦੀਆ ਆਜ਼ਾਦ ਭਾਰਤ ਦੇ ਸਰਵੋਤਮ ਸਿੱਖਿਆ ਮੰਤਰੀ ਹਨ।

ਅੱਜ ਅਮਰੀਕਾ ਦੇ ਸਭ ਤੋਂ ਵੱਡੇ ਅਖ਼ਬਾਰ ਐਨਵਾਈਟੀ ਨੇ ਪਹਿਲੇ ਪੰਨੇ ਤੇ ਉਹਨਾਂ ਦੀ ਫੋਟੋ ਛਾਪੀ ਅਤੇ ਅੱਜ ਹੀ ਮੋਦੀ ਜੀ ਨੇ ਉਹਨਾਂ ਦੇ ਘਰ ਸੀਬੀਆਈ ਭੇਜ ਦਿੱਤੀ, ਇਸ ਤਰ੍ਹਾਂ ਭਾਰਤ ਕਿਵੇਂ ਤਰੱਕੀ ਕਰੇਗਾ? ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੀਬੀਆਈ ਅਤੇ ਈਡੀ ਨੂੰ ਸਰਕਾਰ ਦਾ ਹੱਥ ਦੱਸਦੇ ਹੋਏ ਕਿਹਾ ਕਿ ਹੁਣ ਜਦੋਂ ਕੇਜਰੀਵਾਲ ਅੱਗੇ ਵਧ ਰਹੇ ਹਨ ਤਾਂ ਭਾਜਪਾ ਉਹਨਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪਹਿਲਾਂ ਸਤੇਂਦਰ ਜੈਨ ਹੁਣ ਸਿਸੋਦੀਆ ਨੂੰ ਨਿਸ਼ਾਨਾ ਬਣਾ ਰਹੀ ਹੈ।

ਦੂਜੇ ਪਾਸੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ‘ਆਪ’ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਦਿੱਲੀ ਵਿੱਚ ਸ਼ਰਾਬ ਦੇ ਠੇਕਿਆਂ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ। ਇਹ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਦੀ ਮਿਲੀਭੁਗਤ ਹੈ। ਸ਼ਰਾਬ ਦੇ ਠੇਕਿਆਂ ਦਾ ਭ੍ਰਿਸ਼ਟਾਚਾਰ ਦੇਸ਼ ਦੇ ਸਾਹਮਣੇ ਆ ਗਿਆ ਹੈ।

Leave a Reply

Your email address will not be published.