ਸਾਲ 2022 ‘ਚ ਵਾਰਦਾਤਾਂ ਨਾਲ ਕੰਬਿਆ ਪੰਜਾਬ, ਸਿਆਸਤ ‘ਚ ਵੀ ਦਿੱਗਜਾਂ ਦਾ ਹੋਇਆ ਘੋਗਾ ਚਿੱਤ

 ਸਾਲ 2022 ‘ਚ ਵਾਰਦਾਤਾਂ ਨਾਲ ਕੰਬਿਆ ਪੰਜਾਬ, ਸਿਆਸਤ ‘ਚ ਵੀ ਦਿੱਗਜਾਂ ਦਾ ਹੋਇਆ ਘੋਗਾ ਚਿੱਤ

ਨਿਊਜ ਡੈਸਕ: ਨਵੇਂ ਸਾਲ 2023 ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ ਲੋਕਾਂ ਲਈ ਨਵੀਂਆਂ ਖੁਸ਼ੀਆਂ ਲੈਕੇ ਆਵੇਗਾ। ਇਸ ਤੋਂ ਪਹਿਲਾਂ ਸਾਲ 2022 ਪੰਜਾਬ ਦੇ ਲੋਕਾਂ ਲਈ ਕਿਤੇ ਚੰਗਾ ਰਿਹਾ ਤਾਂ ਕਿਸੇ ਲਈ ਮਾੜਾ ਰਿਹਾ ਏ। ਸਾਲ 2022 ਦੇ ਸ਼ੁਰੂਆਤ ਦੇ ਦਿਨਾਂ ਦੀ ਹੀ ਗੱਲ ਕਰੀਏ ਤਾਂ 5 ਜਨਵਰੀ ਨੂੰ ਹੀ ਪੰਜਾਬ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੀ ਖ਼ਬਰ ਸਾਹਮਣੇ ਆਉਂਦੀ।

ਜਿਥੇ ਫਿਰੋਜ਼ਪੁਰ 15 ਤੋਂ 20 ਮਿੰਟ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੁਕਿਆ ਰਿਹਾ,ਕਿਉਂਕਿ ਉਸ ਸੜਕ ‘ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ। ਜਿਥੋਂ ਪੀਐਮ ਮੋਦੀ ਵਾਪਸ ਚਲੇ ਗਏ ਸੀ।

ਇਸ ਤੋਂ ਬਾਅਦ ਸਾਲ 2022 ”ਚ ਹੀ ਪੰਜਾਬੀ ਅਦਾਕਾਰ ਅਤੇ ਕਿਸਾਨੀ ਸੰਘਰਸ਼ ‘ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਇਸ ਤੋਂ ਬਾਅਦ ਸੂਬੇ ‘ਚ ਨਵੀਂ ਸਰਕਾਰ ਬਣੀ ਨੂੰ ਕੁਝ ਹੀ ਦਿਨ ਹੋਏ ਸੀ ਕਿ ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰ ਦਿੱਤਾ ਗਿਆ। ਜਦੋਂ ਉਹ ਨਕੋਦਰ ਕਿਸੇ ਟੂਰਨਾਮੈਂਟ ‘ਚ ਪਹੁੰਚੇ ਸੀ।

ਇਸ ਤੋਂ ਬਾਅਦ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਜਵਾਹਰਕੇ ‘ਚ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਜਿਸ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਗੈਂਸਗਟਰ ਗੋਲਡੀ ਬਰਾੜ ਵਲੋਂ ਲਈ ਗਈ।

ਸਾਲ 2022 ‘ਚ ਹੀ ਪੰਜਾਬ ‘ਚ ਦੋ ਆਰਪੀਜੀ ਹਮਲੇ ਵੀ ਹੋਏ। ਪਹਿਲਾਂ ਹਮਲਾ ਇੰਟੈਲੀਜੈਂਸ ਵਿਭਾਗ ਦੇ ਮੁਹਾਲੀ ਦਫ਼ਤਰ ‘ਤੇ ਹੋਇਆ ਤਾਂ ਦੂਜਾ ਹਮਲਾ ਤਰਨਤਾਰਨ ਪੁਲਿਸ ਸਾਂਝ ਕੇਂਦਰ ‘ਤੇ ਹੋਇਆ।

ਇਸ ਦੇ ਨਾਲ ਹੀ ਸ਼ਿਵ ਸੈਨਾ ਆਗੂ ਸੁਧੀਰ ਸੁਰੀ ਦਾ ਕਤਲ ਹੋਇਆ ਤੇ ਉਸ ਤੋਂ ਕੁਝ ਦਿਨਾਂ ਬਾਅਦ ਹੀ ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਪ੍ਰੇਮੀ ਪ੍ਰਦੀਪ ਦਾ ਕਤਲ ਕਰ ਦਿੱਤਾ ਗਿਆ। ਇੰਨਾਂ ਸਾਰੀਆਂ ਘਟਨਾਵਾਂ ਦੇ ਤਾਰ ਕਿਤੇ ਨਾ ਕਿਤੇ ਗੈਂਸਗਟਰਾਂ ਨਾਲ ਜ਼ੁੜੇ ਹੋਏ ਸੀ।

ਸਾਲ 2022 ‘ਚ ਜੇਕਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਉਲਟਫੇਰ ਵਿਧਾਨਸਭਾ ਚੋਣਾਂ ‘ਚ ਦੇਖਣ ਨੂੰ ਮਿਲਿਆ, ਜਿਥੇ ਆਮ ਆਦਮੀ ਪਾਰਟੀ ਵਲੋਂ ਰਿਵਾਇਤੀ ਪਾਰਟੀਆਂ ਨੂੰ ਮਾਤ ਦਿੰਦਿਆਂ 117 ਵਿਚੋਂ 92 ਸੀਟਾਂ ਆਪਣੇ ਨਾਮ ਕਰਕੇ ਸੂਬੇ ਦੀ ਸਰਕਾਰ ਬਣਾਈ। ਇਸ ਦੇ ਨਾਲ ਹੀ ਸਾਲ 2022 ‘ਚ ਖਾਸ ਰਿਹਾ ਜਦੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡਾ ਗੁਰਪ੍ਰੀਤ ਕੌਰ ਨਾਲ ਦੂਸਰਾ ਵਿਆਹ ਕਰਵਾਇਆ ਗਿਆ।

ਇੰਨਾਂ ਚੋਣਾਂ ‘ਚ ਪੰਜਾਬ ਦੀ ਰਾਜਨੀਤੀ ਦੇ ਦਿਗਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਜਿੰਨਾਂ ‘ਚ ਸਾਬਕਾ ਮੁੱਖ ਮੰਤਰੀਆਂ ‘ਚ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਰਜਿੰਦਰ ਕੌਰ ਭੱਠਲ ਦਾ ਨਾਮ ਸ਼ਾਮਲ ਸੀ।ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਨਵਜੋਤ ਸਿੱਧੂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ।

ਇਸ ਦੇ ਨਾਲ ਹੀ ਸਰਕਾਰ ਵਲੋਂ ਕਈ ਫੈਸਲੇ ਵੀ ਲਏ ਗਏ, ਅਤੇ ਨਾਲ ਹੀ ਇੰਨਾਂ ਚੋਣਾਂ ਤੋਂ ਬਾਅਦ ਖਾਸ ਰਹੀਆਂ ਸੰਗਰੂਰ ਜ਼ਿਮਣੀ ਚੋਣਾਂ, ਜਿਥੇ ‘ਆਪ’ ਦੀ ਰਾਜਧਾਨੀ ਕਹੇ ਜਾਣ ਵਾਲੇ ਸੰਗਰੂਰ ‘ਚ ਮੌਜੂਦਾ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ।

ਇਸ ਦੇ ਨਾਲ ਹੀ ਨਵੀਂ ਬਣੀ ਸਰਕਾਰ ਵਲੋਂ ਭ੍ਰਿਸ਼ਟਾਚਾਰੀ ਨੂੰ ਲੈਕੇ ਵੀ ਕਦਮ ਚੁੱਕੇ ਗਏ। ਜਿਸ ‘ਚ ਉਨ੍ਹਾਂ ਆਪਣੇ ਹੀ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ‘ਤੇ ਭ੍ਰਿਸ਼ਟਾਚਾਰੀ ਦੇ ਇਲਜ਼ਾਮ ਲਗਾ ਕੇ ਕਾਰਵਾਈ ਵੀ ਕੀਤੀ ਅਤੇ ਉਨ੍ਹਾਂ ਨੂੰ ਜੇਲ੍ਹ ਵੀ ਭੇਜਿਆ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਆਡੀਓ ਨੂੰ ਲੈਕੇ ਵਿਰੋਧੀ ਲਗਾਤਾਰ ਸਰਕਾਰ ‘ਤੇ ਹਮਲਾਵਰ ਵੀ ਰਹੇ। ਇਸ ਦੇ ਨਾਲ ਹੀ ਕਈ ਮਾਮਲਿਆਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ‘ਚ ਸ਼ਬਦੀ ਜੰਗ ਵੀ ਦੇਖਣ ਨੂੰ ਮਿਲੀ।

ਕਾਂਗਰਸੀਆਂ ‘ਤੇ ਭ੍ਰਿਸ਼ਟਾਚਾਰੀ ਨੂੰ ਲੈਕੇ ਕੀਤੀ ਕਾਰਵਾਈ ‘ਚ ਮੌਜੂਦਾ ਸਰਕਾਰ ਵਲੋਂ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ ਅਤੇ ਸੰਗਤ ਸਿੰਘ ਗਿੱਲਜੀਆਂ ‘ਤੇ ਵਿਜ਼ੀਲੈਂਸ ਦਾ ਸ਼ਿਕੰਜਾ ਕੱਸਿਆ ਗਿਆ। ਇਸ ਤੋਂ ਬਾਅਦ ਹੁਣ ਸਰਕਾਰ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਕਾਰਵਾਈ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ।

ਉਥੇ ਹੀ 26 ਸਾਲ ਪੁਰਾਣੇ ਰੋਡਰੇਜ਼ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਵੀ ਹੋਈ, ਜਿਸ ‘ਚ ਹੁਣ 26 ਜਨਵਰੀ 2023 ਨੂੰ ਉਹ ਰਿਹਾਅ ਹੋਣਗੇ।

ਇਸ ਸਾਲ ਰਾਜਨੀਤੀ ‘ਚ ਇਕ ਹੋਰ ਖਾਸ ਰਿਹਾ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਕੇ ਪਹਿਲਾਂ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਉਂਦੇ ਨੇ ਅਤੇ ਫਿਰ ਉਸ ਦਾ ਭਾਜਪਾ ਨਾਲ ਰਲੇਵਾਂ ਕਰ ਲੈਂਦੇ ਨੇ। ਇਸ ਦੇ ਨਾਲ ਹੀ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ ਤੋਂ ਇਲਾਵਾ ਕਈ ਕਾਂਗਰਸੀ ਵੀ ਭਾਜਪਾ ‘ਚ ਸ਼ਾਮਲ ਹੋ ਗਏ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਪਾਰਟੀ ਤੋਂ ਬਾਗੀ ਸੁਰ ਦਿਖਾਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ।

ਖੇਡ ਜਗਤ ਦੀ ਗੱਲ ਕੀਤੀ ਜਾਵੇ ਤਾਂ ਰਾਸ਼ਟਰ ਮੰਡਲ ਖੇਡਾਂ 2022 ‘ਚ ਪੰਜਾਬ ਦੇ ਕਈ ਖਿਡਾਰੀਆਂ ਨੇ ਮੈਡਲ ਹਾਸਲ ਕੀਤੇ। ਰਾਸ਼ਟਰ ਮੰਡਲ ਖੇਡਾਂ ਹਾਕੀ ਦੇ ਮੁਕਾਬਲਿਆਂ ‘ਚ ਲੜਕਿਆਂ ਨੇ ਸਿਲਵਰ ਮੈਡਲ ਜਿੱਤਿਆ , ਜਿਸ ‘ਚ ਕਈ ਪੰਜਾਬ ਦੇ ਖਿਡਾਰੀ ਸੀ। ਇਸ ਤੋਂ ਇਲਾਵਾ ਵੇਟ ਲਿਫਟਿੰਗ ‘ਚ ਵੀ ਪੰਜਾਬ ਦੇ ਕਈ ਖਿਡਾਰੀਆਂ ਨੇ ਮੈਡਲ ਹਾਸਲ ਕੀਤੇ।

ਇਸ ਤੋਂ ਇਲਾਵਾ ਇੰਡੀਆ ਮਹਿਲਾ ਕ੍ਰਿਕਟ ਟੀਮ ‘ਚ ਹਰਮਨਪ੍ਰੀਤ ਕੌਰ ਅਤੇ ਭਾਰਤੀ ਕ੍ਰਿਕਟ ਟੀਮ ‘ਚ ਅਰਸ਼ਦੀਪ ਸਿੰਘ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਏ।ਉਮੀਦ ਕਰਦੇ ਹਾਂ ਕਿ ਸਾਲ 2023 ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇਗਾ।

Leave a Reply

Your email address will not be published. Required fields are marked *