ਸਾਰੀਆਂ ਪਾਰਟੀਆਂ ਮਿਲ ਕੇ ‘ਆਪ’ ਨੂੰ ਹਰਾਉਣ ਵਿੱਚ ਜੁਟੀਆਂ ਹਨ: ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਪਾਰਟੀਆਂ ’ਤੇ ਖੂਬ ਨਿਸ਼ਾਨੇ ਲਾਏ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ, “ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਕੱਠੀਆਂ ਹੋ ਗਈਆਂ ਹਨ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਾਂ ਦਿਨ-ਰਾਤ ਸਿਰਫ ‘ਆਪ’ ਦੇ ਹੀ ਸੁਪਨੇ ਆਉਂਦੇ ਹਨ ਅਤੇ ਆਪਣੀਆਂ ਸਾਰੀਆਂ ਮੀਟਿੰਗਾਂ ਵਿੱਚ ਸਿਰਫ ਮੈਨੂੰ ਅਤੇ ਭਗਵੰਤ ਮਾਨ ਨੂੰ ਹੀ ਗਾਲ੍ਹਾਂ ਕੱਢਦੇ ਹਨ। ਉਹ ਸੁਖਬੀਰ ਬਾਦਲ ਅਤੇ ਭਾਜਪਾ ਨੂੰ ਕੁਝ ਨਹੀਂ ਕਹਿੰਦੇ।” ਉਹਨਾਂ ਅਕਾਲੀ ਦਲ ਬਾਰੇ ਕਿਹਾ ਕਿ, “ਸੁਖਬੀਰ ਬਾਦਲ ਵੀ ਸਿਰਫ ਆਪ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ।
ਉਹ ਭਾਜਪਾ ਖਿਲਾਫ਼ ਕੁਝ ਨਹੀਂ ਬੋਲਦੇ। ਪ੍ਰਿਅੰਕਾ ਗਾਂਧੀ ਅਤੇ ਅਮਿਤ ਸ਼ਾਹ ਵੀ ਸਿਰਫ ਆਪ ਨੂੰ ਘੇਰਦੇ ਹਨ। ਇਹ ਸਾਰੇ ਮਿਲ ਕੇ ਕਿਸੇ ਵੀ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣਾ ਚਾਹੁੰਦੇ ਹਨ।” ਕੇਜਰੀਵਾਲ ਨੇ ਕਿਹਾ ਕਿ, “ਉਹਨਾਂ ਦਾ ਮਕਸਦ ਹੈ ਕਿ ਪੰਜਾਬ ਦੀ ਸਿੱਖਿਆ ਅਤੇ ਮੈਡੀਕਲ ਸਿਸਟਮ ਠੀਕ ਕੀਤਾ ਜਾਵੇ।
ਬਿਜਲੀ, ਪਾਣੀ ਅਤੇ ਖੇਤੀ ਦੀ ਹਾਲਤ ਸੁਧਰ ਜਾਵੇ। ਉਹਨਾਂ ਦੀ ਸਰਕਾਰ ਬਣਨ ਤੇ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਾਰੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਦੁਬਾਰਾ ਕੋਈ ਵੀ ਬੇਅਦਬੀ ਕਰਨ ਦੀ ਹਿੰਮਤ ਨਾ ਕਰੇ।”
