ਸ਼ੰਭੂ ਬਾਰਡਰ ‘ਤੇ ਟਰਾਂਸਪੋਰਟਰਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ, ਪੰਜਾਬ-ਹਰਿਆਣਾ ਵਿਚਾਲੇ ਆਵਾਜਾਈ ਠੱਪ

 ਸ਼ੰਭੂ ਬਾਰਡਰ ‘ਤੇ ਟਰਾਂਸਪੋਰਟਰਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ, ਪੰਜਾਬ-ਹਰਿਆਣਾ ਵਿਚਾਲੇ ਆਵਾਜਾਈ ਠੱਪ

ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਤੇ ਪੰਜਾਬ ਦੀ ਟਰੱਕ ਯੂਨੀਅਨ ਵੱਲੋਂ ਪਿਛਲੇ 4 ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਹੈ। ਟਰਾਂਸਪੋਰਟਰਾਂ ਨੇ ਸ਼ੰਭੂ ਵਿੱਚ ਅੰਬਾਲਾ-ਰਾਜਪੁਰਾ ਹਾਈਵੇਅ ਤੇ ਅਣਮਿੱਥੇ ਸਮੇਂ ਲਈ ਟਰੱਕ ਖੜ੍ਹੇ ਕਰਕੇ ਜਾਮ ਕਰ ਦਿੱਤਾ ਹੈ। ਇਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਜਾਮ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨ ਭੰਗ ਕੀਤੇ ਜਾਣ ਦੇ ਰੋਸ ਵਜੋਂ ਕੀਤਾ ਗਿਆ ਹੈ। ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੂਬਾਈ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਆਪ ਸਰਕਾਰ ਦਾ ਟਰੱਕ ਯੂਨੀਅਨਾਂ ਭੰਗ ਕਰਨ ਦਾ ਫ਼ੈਸਲਾ ਲੱਖਾਂ ਲੋਕਾਂ ਦੇ ਰੁਜ਼ਗਾਰ ਤੇ ਲੱਤ ਮਾਰਨ ਸਮਾਨ ਹੈ ਕਿਉਂ ਕਿ ਇਸ ਕਿੱਤੇ ਨਾਲ ਕਈ ਪਰਿਵਾਰ ਜੁੜੇ ਹੋਏ ਹਨ।

ਉਹਨਾਂ ਅੱਗੇ ਕਿਹਾ ਕਿ ਯੂਨੀਅਨਾਂ ਭੰਗ ਹੋਣ ਮਗਰੋਂ ਪੰਜਾਬ ਵਿੱਚ ਤਕਰੀਬਨ ਵੀਹ ਹਜ਼ਾਰ ਟਰੱਕ ਕਬਾੜ ਵਿੱਚ ਵਿਕ ਚੁੱਕੇ ਹਨ। ਉਹਨਾਂ ਸਪੱਸ਼ਟ ਕੀਤਾ ਕਿ ਯੂਨੀਅਨਾਂ ਦੀ ਬਹਾਲੀ ਤੱਕ ਧਰਨਾ ਜਾਰੀ ਰਹੇਗਾ।

ਜਾਣਕਾਰੀ ਮੁਤਾਬਕ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹ ਮਾਰਗ ਤੇ ਸ਼ੰਭੂ ਬੈਰੀਅਰ ਤੇ ਟਰੱਕ ਅਪਰੇਟਰਾਂ ਵੱਲੋਂ ਯੂਨੀਅਨਾਂ ਬਹਾਲ ਕਰਾਉਣ ਤੇ ਠੇਕੇਦਾਰੀ ਪ੍ਰਣਾਲੀ ਦਾ ਖਾਤਮਾ ਕਰਕੇ ਟਰੱਕ ਟਰਾਂਸਪੋਰਟ ਦੇ ਕੰਮਾਂ ਦੇ ਟੈਂਡਰ ਸਿੱਧੇ ਤੌਰ ਤੇ ਯੂਨੀਅਨਾਂ ਨੂੰ ਦੇਣ ਸਮੇਤ ਹੋਰ ਮੰਗਾਂ ਲਈ ਸੜਕੀ ਆਵਾਜਾਈ ਠੱਪ ਕਰਕੇ ਦਿੱਤਾ ਜਾ ਰਿਹਾ ਸੂਬਾ ਪੱਧਰੀ ਰੋਸ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਹੈ।

ਉਧਰ, ਰਾਜਪੁਰਾ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਜਾਮ ਵਰਗੇ ਹਾਲਾਤ ਬਣੇ ਹੋਏ ਹਨ। ਭਾਵੇਂ ਪੁਲਿਸ ਵੱਲੋਂ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਹੋਏ ਹਨ ਪਰ ਦੇਸ਼ ਦੀ ਇਸ ਪ੍ਰਮੁੱਖ ਸੜਕ ’ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਪੁਲਿਸ ਵੀ ਬੇਵੱਸ ਜਾਪਦੀ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਪੰਜਾਬ ਵੱਲ ਤੇ ਪੰਜਾਬ ਤੋਂ ਹਰਿਆਣਾ ਵੱਲ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Reply

Your email address will not be published. Required fields are marked *