News

ਸ਼੍ਰੋਮਣੀ ਕਮੇਟੀ ਤੋਂ 328 ਪਾਵਨ ਸਰੂਪਾਂ ਦੇ ਨਾਲ-ਨਾਲ 200 ਪੁਰਾਤਨ ਗ੍ਰੰਥ ਵੀ ਗਾਇਬ ਹੋਏ: ਸਾਬਕਾ ਜੱਥੇਦਾਰ

ਲਾਪਤਾ ਹੋਏ 328 ਪਾਵਨ ਸਰੂਪਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਕਾਫੀ ਹਲਚਲ ਮਚੀ ਹੋਈ ਹੈ। ਲਾਪਤਾ ਹੋਏ 328 ਸਰੂਪਾਂ ਦਾ ਹਿਸਾਬ ਸਿੱਖ ਸੰਗਤਾਂ ਮੰਗ ਰਹੀਆਂ ਹਨ ਪਰ ਇਸ ਤੇ ਅਜੇ ਤਕ ਕੋਈ ਗੱਲ ਪਾਰ ਨਹੀਂ ਲੱਗੀ।

ਉੱਥੇ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਐਸਜੀਪੀਸੀ ਨੂੰ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉੱਥੋਂ ਇਸ ਤੋਂ ਪਹਿਲਾਂ 200 ਪੁਰਾਤਨ ਧਾਰਮਿਕ ਗ੍ਰੰਥ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਰਕਾਰ ਵੱਲੋਂ ਵਾਪਸ ਕੀਤਾ ਗਿਆ ਸਾਮਾਨ ਵੀ ਗਾਇਬ ਹੋਇਆ ਹੈ ਪਰ ਇਸ ਸਾਰੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੇ ਚੁੱਪ ਧਾਰੀ ਹੋਈ ਹੈ।

ਭਾਈ ਰਣਜੀਤ ਸਿੰਘ ਨੇ ਇਸ ਮਾਮਲੇ ਵਿੱਚ ਗੱਲਬਾਤ ਦੌਰਾਨ ਕਿਹਾ ਕਿ ਹਰਿਮੰਦਰ ਸਾਹਿਬ ਤੋਂ 200 ਪੁਰਾਣੇ ਧਾਰਮਿਕ ਗ੍ਰੰਥ ਵੀ ਗਾਇਬ ਹੋਏ ਹਨ ਜਿਹਨਾਂ ਵਿਚੋਂ 64 ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਲਿਖੇ ਗਏ ਸਨ। ਇਹਨਾਂ ਵਿੱਚ ਹੁਕਮਨਾਮਾ ਸਮੇਤ ਹੋਰ ਅਮੁੱਲ ਸਮੱਗਰੀ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਕ ਅਤੇ ਰਿਕਾਰਡ ਵਿਚੋਂ ਗੁੰਮ ਹੈ ਅਤੇ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ।

ਉਹਨਾਂ ਅੱਗੇ ਕਿਹਾ ਕਿ ਪੁਰਾਤਨ 200 ਪਾਵਨ ਸਰੂਪਾਂ ਵਿੱਚ 28 ਦੇ ਕਰੀਬ ਹੱਥ ਲਿਖਤ ਗ੍ਰੰਥ ਸਿੱਖ ਗੁਰੂਆਂ ਅਤੇ ਉਹਨਾਂ ਦੀਆਂ ਪਤਨੀਆਂ ਵੱਲੋਂ ਲਿਖੇ ਗਏ। ਇਹਨਾਂ ਵਿਚੋਂ ਇਕ ਬਾਬਾ ਹਰਦਾਸ ਸਿੰਘ ਦੀ ਸੁਨਹਿਰੀ ਪੁਸਤਕ, ਦੋ ਜਨਮ ਸਾਖੀਆਂ ਅਤੇ ਦੋ ਹੱਥ ਲਿਖਤ ਦਸਮ ਗ੍ਰੰਥ ਵੀ ਸ਼ਾਮਲ ਹਨ।

ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੋਸ਼ ਲਗਾਇਆ ਕਿ ਇਹ ਕਮੇਟੀ ਲਾਪਤਾ 328 ਸਰੂਪਾਂ ਬਾਰੇ ਸਿਰਫ ਲੀਪਾਪੋਚੀ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਫੌਜ ਵੱਲੋਂ ਲਾਈ ਗਈ ਅਨਮੋਲ ਸਮੱਗਰੀ ਜਿਸ ਨੂੰ ਬਾਅਦ ਵਿੱਚ 1990 ਵਿੱਚ ਵਾਪਸ ਕਰ ਦਿੱਤਾ ਗਿਆ ਦੇ ਮਾਮਲੇ ਵਿੱਚ ਵੀ ਕਹਾਣੀਆਂ ਬਣਾ ਰਹੀ ਹੈ।

ਉਹਨਾਂ ਕਿਹਾ ਕਿ ਸੰਗਤ ਗਾਇਬ ਸਰੂਪਾਂ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਗਾਇਬ ਹੋਏ ਖਜਾਨੇ ਬਾਰੇ ਜਾਣਨਾ ਚਾਹੁੰਦੀ ਹੈ ਪਰ ਸ਼੍ਰੋਮਣੀ ਕਮੇਟੀ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਉਹਨਾਂ ਨੇ ਵੱਡਾ ਖੁਲਾਸਾ ਕੀਤਾ ਕਿ ਇਸ ਮਾਮਲੇ ਵਿੱਚ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਦੇ ਸਕਣ ਕਾਰਨ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ।

ਉਹਨਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕੀਤੇ ਗਏ ਸਾਮਾਨ ਦੀ ਸੂਚੀ ਦਿੱਤੀ ਗਈ ਸੀ ਪਰ ਲਾਇਬ੍ਰੇਰੀ ਦੇ ਡਾਇਰੈਕਟਰ ਵੱਲੋਂ ਰੱਖੇ ਗਏ ਸਮਾਨ ਵਾਲੀ ਅਲਮਾਰੀ ਖਾਲੀ ਮਿਲੀ। ਭਾਈ ਰਣਜੀਤ ਸਿੰਘ ਨੇ ਅੱਗੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਸੰਗਤ ਦੇ ਸਾਮਹਣੇ ਸੱਚਾਈ ਲਿਆਂਦੀ ਜਾਣੀ ਚਾਹੀਦੀ ਹੈ।

Click to comment

Leave a Reply

Your email address will not be published.

Most Popular

To Top