ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ ਚੋਣ ਮਨੋਰਥ ਪੱਤਰ ਜਾਰੀ, ਪੰਜਾਬੀਆਂ ਲਈ ਵੱਡੇ ਐਲਾਨ

ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਵੱਖ-ਵੱਖ ਮੁੱਖ ਅਕਾਲੀ-ਬਸਪਾ ਆਗੂ ਇਸ ਸੰਮੇਲਨ ਵਿੱਚ ਸ਼ਾਮਲ ਸਨ।

ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਚੋਣ ਮਨੋਰਥ ਜਾਰੀ ਕਰਦਿਆਂ ਐਲਾਨ ਕੀਤਾ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਕੱਚੇ ਘਰਾਂ ਵਾਲਿਆਂ ਨੂੰ ਸਰਕਾਰ 5 ਲੱਖ ਪੱਕੇ ਘਰ ਬਣਾਉਣ ਲਈ ਦੇਵੇਗੀ, ਬੇਘਰੇ ਪਰਿਵਾਰਾਂ ਨੂੰ 5 ਮਰਲੇ ਦੇ ਮੁਫ਼ਤ ਪਲਾਟ ਦਿੱਤੇ ਜਾਣਗੇ। ਸੋਲਰ ਪੈਨਲ ਲਾਇਆ ਜਾਵੇਗਾ ਜਿਸ ਨਾਲ ਜ਼ੀਰੋ ਬਿਜਲੀ ਬਿਲ ਯਕੀਨੀ ਬਣਾਏ ਜਾਣਗੇ।
ਇਸ ਦੇ ਨਾਲ ਹੀ ਹਿੰਦੂ ਭਾਈਚਾਰੇ ਅਤੇ ਦਲਿਤ ਭਾਈਚਾਰੇ ਨੂੰ ਅਹਿਮ ਸਥਾਨ ਦਿੰਦਿਆਂ ਇਹ ਵੱਡਾ ਵਾਅਦਾ ਕੀਤਾ ਗਿਆ ਕਿ ਜੇ ਉਹਨਾਂ ਦੀ ਸਰਕਾਰ ਬਣੀ ਤਾਂ ਦੋ ਉੱਪ ਮੁੱਖ-ਮੰਤਰੀ ਹੋਣਗੇ ਜਿਹਨਾਂ ਵਿੱਚੋਂ ਇੱਕ ਹਿੰਦੂ ਭਾਈਚਾਰੇ ਤੋਂ ਅਤੇ ਇੱਕ ਦਲਿਤ ਭਾਈਚਾਰੇ ਤੋਂ ਹੋਵੇਗਾ। ਨੀਲੇ ਕਾਰਡ ਧਾਰਕ ਪਰਿਵਾਰਾਂ ਦੀਆਂ ਮੁਖੀ ਔਰਤਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਵੰਡਿਆ ਜਾਵੇਗਾ।
ਹਰ ਘਰ ਲਈ 800 ਯੂਨਿਟ ਮੁਫ਼ਤ ਬਿਜਲੀ ਪ੍ਰਤੀ ਬਿੱਲ ਪ੍ਰਧਾਨ ਹੋਵੇਗਾ। ਸਾਰਿਆਂ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਕਰਵਾਇਆ ਜਾਵੇਗਾ। ਹਰ ਜ਼ਿਲ੍ਹੇ ਵਿੱਚ ਸੁਪਰ ਸਪੈਸ਼ਲਿਟੀ ਸੁਵਿਧਾਵਾਂ ਵਾਲਾ 500 ਬੈੱਡ ਦਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸਥਾਪਿਤ ਹੋਣਗੇ। ਲੋੜਵੰਦ ਵਿਦਿਆਰਥੀਆਂ ਨੂੰ 10 ਲੱਖ ਰੁਪਏ ਤੱਕ ਦਾ ਵਿਦਿਆਰਥੀ ਕਾਰਡ ਮੁਹੱਈਆ ਕਰਵਾਇਆ ਜਾਵੇਗਾ।
ਸ਼ਗਨ ਸਕੀਮ ਤਹਿਤ ਨਵ ਵਿਹੁਤਾ ਲਈ 75 ਹਜ਼ਾਰ ਰੁਪਏ ਅਤੇ ਬਜ਼ੁਰਗਾਂ ਲਈ ਬੁਢਾਪਾ ਪੈਨਸ਼ਨ ਤਹਿਤ 3100 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕੀਤੇ ਜਾਣਗੇ। 7ਵੇਂ ਤਨਖ਼ਾਹ-ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਕੇ ਸਿਫ਼ਾਰਿਸ਼ਾਂ ਲਾਗੂ ਹੋਣਗੀਆਂ, ਸਰਕਾਰੀ ਕਰਮਚਾਰੀਆਂ ਲਈ 2004 ਵਾਲੀ ਪੈਨਸ਼ਨ ਸਕੀਮ ਨੂੰ ਪੁਨਰ-ਸੁਰਜੀਤ ਕੀਤਾ ਜਾਵੇਗਾ,
ਠੇਕਾ ਅਧਾਰਿਤ/ਆਉਟਸੋਰਸ ਕਰਮਚਾਰੀ/ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। ਫ਼ਲ, ਸਬਜ਼ੀਆਂ ਅਤੇ ਦੁੱਧ ਤੇ ਐਮਐਸਪੀ ਸਥਾਪਿਤ ਹੋਵੇਗੀ, ਫਸਲ ਬੀਮਾ 50 ਹਜ਼ਾਰ ਰੁਪਏ ਪ੍ਰਤੀ ਏਕੜ, ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ, ਜ਼ਮੀਨਦੋਜ ਪਾਣੀ ਦੀਆਂ ਪਾਈਪਾਂ ਰਾਹੀਂ ਸਿੰਚਾਈ, ਪ੍ਰਣਾਲੀ ਕੰਢੀ ਖੇਤਰ ਵਿਕਾਸ ਮੰਤਰਾਲਾ ਵਰਗੇ ਵਾਅਦੇ ਕੀਤੇ ਗਏ ਹਨ।
