ਸ਼ਰਾਬ ਫੈਕਟਰੀ ਮਾਮਲੇ ’ਤੇ ਕਿਸਾਨਾਂ ਦੀ ਸਰਕਾਰ ਨਾਲ ਨਹੀਂ ਬਣੀ ਸਹਿਮਤੀ, ਜਾਰੀ ਰਹੇਗਾ ਕਿਸਾਨਾਂ ਦਾ ਧਰਨਾ

 ਸ਼ਰਾਬ ਫੈਕਟਰੀ ਮਾਮਲੇ ’ਤੇ ਕਿਸਾਨਾਂ ਦੀ ਸਰਕਾਰ ਨਾਲ ਨਹੀਂ ਬਣੀ ਸਹਿਮਤੀ, ਜਾਰੀ ਰਹੇਗਾ ਕਿਸਾਨਾਂ ਦਾ ਧਰਨਾ

ਸ਼ਰਾਬ ਫੈਕਟਰੀ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਹੱਲ ਹੋਣ ਦਾ ਨਾਮ ਨਹੀਂ ਲੈ ਰਿਹਾ। ਜਾਣਕਾਰੀ ਮੁਤਾਬਕ ਬੀਤੇ ਦਿਨ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਮਾਮਲੇ ਨੂੰ ਲੈ ਕੇ ਸੰਯੁਕਤ ਮੋਰਚੇ ਦੇ ਆਗੂ ਗੁਰਮੇਲ ਸਿੰਘ ਮਨਸੂਰਵਾਲ, ਫਤਿਹ ਸਿੰਘ, ਬਲਦੇਵ ਸਿੰਘ ਜ਼ੀਰਾ ਦੀ ਦੇਖਰੇਖ ਹੇਠ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਮੁੱਖ ਮੰਤਰੀ ਨੇ ਸੰਯੁਕਤ ਮੋਰਚੇ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਅੱਜ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਅਤੇ ਸਮਝਾਉਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮਾਲਬਰੋਜ ਸ਼ਰਾਬ ਫੈਕਟਰੀ ਦੇ ਸਾਹਮਣੇ ਧਰਨਾ ਲਗਾ ਕੇ ਬੈਠੀ ਸੰਗਤ ਵਿੱਚ ਪਹੁੰਚੇ, ਜਿਹਨਾਂ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਸਮਝਦੇ ਹੋਏ ਅੱਜ ਉਨ੍ਹਾਂ ਨੂੰ ਇਥੇ ਭੇਜਿਆ ਗਿਆ ਹੈ।

 

ਉਨ੍ਹਾਂ ਕਿਹਾ ਕਿ ਫੈਕਟਰੀ ਲਗਾਉਂਦੇ ਸਮੇਂ ਜੇ ਫੈਕਟਰੀ ਸੰਚਾਲਕਾਂ ਨੇ ਆਸ ਪਾਸ ਦੇ ਲੋਕਾਂ ਦੀ ਰਾਇ ਨਹੀਂ ਲਈ ਅਤੇ ਲੋਕਾਂ ਖ਼ਿਲਾਫ ਜਾ ਕੇ ਫੈਕਟਰੀ ਲਗਾਈ ਹੈ ਤਾਂ ਮਾਮਲਿਆਂ ਦੀ ਜਾਂਚ ਕਰਵਾਈ ਜਾਵੇਗੀ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਧਾਲੀਵਾਲ ਨੂੰ ਅੱਜ ਸਰਕਾਰ ਵੱਲੋਂ ਇਸ ਉਮੀਦ ਨਾਲ ਭੇਜਿਆ ਗਿਆ ਸੀ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣਗੇ ਅਤੇ ਧਰਨਾ ਚੁੱਕਵਾਉਦਗੇ ਪਰ ਅੱਜ ਵੀ ਅਜਿਹਾ ਕੁਝ ਨਹੀਂ ਹੋਇਆ।

ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਸੰਯੁਕਤ ਮੋਰਚੇ ਦੇ ਆਗੂ ਗੁਰਮੇਲ ਸਿੰਘ ਮਨਸੂਰਵਾਲ, ਫਤਿਹ ਸਿੰਘ, ਬਲਦੇਵ ਸਿੰਘ ਜ਼ੀਰਾ ਆਦਿ ਨੇ ਕਿਹਾ ਕਿ ਜਦ ਤੱਕ ਸਰਕਾਰ ਇਸ ਫੈਕਟਰੀ ਨੂੰ ਬੰਦ ਨਹੀਂ ਕਰਵਾਵੇਗੀ, ਉਹ ਆਪਣਾ ਧਰਨਾ ਨਹੀਂ ਚੁੱਕਣਗੇ ਕਿਉਂਕਿ ਉਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਗੇ। ਕੈਬਨਿਟ ਮੰਤਰੀ ਨੇ ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਛੁਡਵਾਉਣ ਅਤੇ ਅਸਲਾ ਲਾਇਸੰਸ ਬਹਾਲ ਕਰਵਾਉਣ ਦੀ ਬਾਰੇ ਕਿਹਾ।

Leave a Reply

Your email address will not be published. Required fields are marked *