ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਵਾਤਾਵਾਰਨ ਪ੍ਰੇਮੀ ਸੀਚੇਵਾਲ ਦੀਆਂ ਨਰਸਰੀਆਂ ‘ਚੋਂ ਮਿਲਣਗੇ ਮੁਫਤ ਬੂਟੇ

ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਯਾਦ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿੱਚ ਵਾਤਾਵਾਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਜੰਗਲ ਲਾਉਣ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਜੰਗਲ ਲਾਉਣ ਲਈ ਸੀਚੇਵਾਲ ਦੀਆਂ ਦੋ ਨਰਸਰੀਆਂ ਵਿਚੋਂ ਮੁਫ਼ਤ ਬੂਟੇ ਦਿੱਤੇ ਜਾਣਗੇ।
ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਦੀਪਕ ਧੀਰ ਤੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਕੌਂਸਲਰਾਂ, ਬੱਚਿਆਂ ਤੇ ਹੋਰ ਸਮਾਜ ਸੇਵੀ ਸ਼ਖ਼ਸ਼ੀਅਤਾਂ ਨੇ ਇੱਕ ਘੰਟੇ ਵਿੱਚ ਹੀ 300 ਤੋਂ ਵੱਧ ਬੂਟੇ ਲਾਏ। ਜੰਗਲ ਲਾਉਣ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਗੁਰਪ੍ਰਕਾਸ਼ ਵਿੱਚ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਯਾਦ ਨੂੰ ਸਮਰਪਿਤ ਆਖੰਡ ਪਾਠ ਦੇ ਭੋਗ ਪਾਏ ਗਏ ਤੇ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ।
ਚਾਰ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਚ ਕੌਂਸਲਰਾਂ, ਬੱਚਿਆਂ ਅਤੇ ਹੋਰ ਸਮਾਜ ਸੇਵੀ ਸਖਸ਼ੀਅਤਾਂ ਨੇ 300 ਤੋਂ ਵੱਧ ਬੂਟੇ ਲਾਏ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਜੰਗਲ ਲਗਾਉਣ ਲਈ ਸੀਚੇਵਾਲ ਦੀਆਂ ਨਰਸਰੀਆਂ ਵਿੱਚੋਂ ਮੁਫ਼ਤ ਬੂਟੇ ਮਹੱੁਈਆ ਕਰਵਾਏ ਜਾਣਗੇ। pic.twitter.com/J1mZXW1eMC
— Sant Balbir Singh Seechewal (@SantSeechewal) December 29, 2022
ਕਥਾ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਨੂੰ ਇੰਦੌਰ ਸ਼ਹਿਰ ਵਾਂਗ ਦੇਸ਼ ਦਾ ਖੂਬਸੂਰਤ ਸ਼ਹਿਰ ਬਣਾਇਆ ਜਾਵੇਗਾ। ਸ਼ਹਿਰ ਦੇ 13 ਵਾਰਡਾਂ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਕਰਨ ਲਈ ਨਗਰ ਕੌਂਸਲ ਨਾਲ ਮਿਲ ਕੇ ਕੂੜੇਦਾਨਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਦੀ ਸ਼ੁਰੂਆਤ 30 ਦਸੰਬਰ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਦੇ ਵਾਰਡ ਨੰ.8 ਤੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਨੇ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਪਹਿਲ ਦੇ ਆਧਾਰ ਤੇ ਵੱਖ ਕਰਨ ਦੇ ਪ੍ਰਜੈਕਟ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।