ਸਰਹੱਦ ’ਤੇ ਬੀਐਸਐਫ ਦੀ ਕਾਰਵਾਈ, 4 ਪਿਸਤੌਲ, 8 ਮੈਗਜ਼ੀਨ ਅਤੇ 47 ਰਾਉਂਡ ਕੀਤੇ ਬਰਾਮਦ

ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭਾਰਤ ਵਿੱਚ ਭੇਜਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕੱਲ ਅੱਧੀ ਰਾਤ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੌਰਾਨ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੀ 58 ਬਟਾਲੀਅਨ ਬੀਪੀਓ ਠਾਕੁਰਪੁਰ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਡਰੋਨ ਦੀ ਆਵਾਜ਼ ਸੁਣੀ।
ਪਿੰਡ ਉੱਚਾ ਧਕਾਲਾ ਵਿੱਚ 7 ਕਿਲੋਮੀਟਰ ਭਾਰਤੀ ਸੀਮਾ ਅੰਦਰ ਵੜ ਚੁੱਕੇ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕੀਤੀ ਗਈ। ਫਾਇਰਿੰਗ ਤੋਂ ਕੁਝ ਦੇਰ ਬਾਅਦ ਹੀ ਜ਼ਮੀਨ ਤੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣੀ ਗਈ ਅਤੇ ਡਰੋਨ ਵਾਪਸ ਚਲਾ ਗਿਆ। ਬੀਐਸਐਫ ਜਵਾਨਾ ਦੁਆਰਾ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਚਾਰ ਪਿਸਤੌਲ, 8 ਮੈਗਜ਼ੀਨ ਅਤੇ 47 ਰਾਉਂਡ ਬਰਾਮਦ ਕੀਤੇ ਗਏ ਜੋ ਇਸ ਡ੍ਰੋਨ ਵੱਲੋਂ ਸੁੱਟੇ ਗਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਠਾਕੁਰਪੁਰ ਬੀਪੀਓ ਨੇੜਲੇ ਪਿੰਡ ਉੱਚਾ ਧਕਾਲਾ ਅੰਬੇਦਕਰ ਖੇਡ ਮੈਦਾਨ ਵਿੱਚ ਬੀਐਸਐਫ ਵੱਲੋਂ ਐਂਬੂਲਸ ਲਗਾਇਆ ਹੋਇਆ ਸੀ ਇਸ ਦੌਰਾਨ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਅਤੇ ਬੀਐਸਐਫ ਦੇ ਜਵਾਨਾਂ ਨੇ ਕਰੀਬ 17 ਫਾਇਰ ਕੀਤੇ ਗਏ।
ਇਸ ਮੌਕੇ ਡਰੋਨ ਤੋਂ ਕੋਈ ਚੀਜ਼ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਰਚ ਕੀਤਾ ਗਿਆ ਤਾਂ 1 ਪੈਕਟ ਬਰਾਮਦ ਹੋਇਆ ਜਿਸ ਵਿੱਚੋਂ 4 ਚਾਇਨਾ-ਮੇਡ ਪਿਸਤੌਲ , 8 ਮੈਗਜ਼ੀਨ ਅਤੇ 47 ਰਾਉਂਡ ਬਰਾਮਦ ਕੀਤੇ ਗਏ।