ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੀ ਗਰੀਬ ਪਰਿਵਾਰ ਨੇ ਖੋਲ੍ਹੀ ਪੋਲ

 ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੀ ਗਰੀਬ ਪਰਿਵਾਰ ਨੇ ਖੋਲ੍ਹੀ ਪੋਲ

ਰੱਬ ਸ਼ਾਇਦ ਸਭ ਲਈ ਇੱਕ ਨਹੀਂ ਹੈ, ਕਈਆਂ ਨੂੰ ਤਾਂ ਬਾਦਸ਼ਾਹ ਬਣਾ ਰੱਖਿਆ ਹੈ ਅਤੇ ਕਈਆਂ ਨੂੰ ਪੁੱਛਦਾ ਹੀ ਕੋਈ ਨੀਂ, ਇਹ ਬੋਲ ਨੇ ਉਸ ਗਰੀਬ, ਲਾਚਾਰ, ਮੰਧਬੁੱਧੀ ਅਤੇ ਬਿਮਾਰ ਬੱਚਿਆਂ ਦੀ ਬਜ਼ੁਰਗ ਮਾਂ ਦੇ, ਜਿਸ ਨੇ ਆਪਣੀ ਸਾਰੀ ਉਮਰ ਇਸੇ ਉਮੀਦ ਵਿੱਚ ਕੱਢ ਦਿੱਤੀ ਕਿ ਕਦੇ ਤਾਂ ਰੱਬ ਉਹਨਾਂ ਦੀ ਸੁਣੇਗਾ ਹੀ। ਪਰ ਨਾ ਤਾਂ ਉਨ੍ਹਾਂ ਦੀ ਰੱਬ ਨੇ ਸੁਣੀ ਨਾ ਸਰਕਾਰਾਂ ਨੇ।

ਵਾਅਦੇ ਭਾਵੇਂ 85 ਫ਼ੀ ਸਦੀ ਕਰਨ ਦੇ ਦਾਅਵੇ ਕਰ ਦਿੱਤੇ ਹਨ ਪਰ ਇਨ੍ਹਾਂ ਲਈ 85 ਪੈਸੇ ਦਾ ਕੰਮ ਨਹੀਂ ਕੀਤਾ ਅੱਜ ਤੱਕ। ਘਰ ਦੇ ਹਾਲਾਤ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਅਤੇ ਉਸ ਤੋਂ ਵੀ ਕੀਤੇ ਵੱਧ ਘਰ ਵਿੱਚ ਰਹਿੰਦੇ ਜੀਆਂ ਦੀ ਹਾਲਤ ਨੂੰ ਦੇਖ। ਇਹ ਪਰਿਵਾਰ ਫਿਰੋਜ਼ਪੁਰ ਦੇ ਬਾਰਡਰ ਹੁਸੈਨੀਵਾਲਾ ਦੇ ਨਜਦੀਕ ਵੱਸੇ ਪਿੰਡ ਨਵਾਂ ਬਾਰੇਕੇ ਰਹਿੰਦਾ ਹੈ। ਉਹਨਾਂ ਦੀਆਂ ਕੁੜੀਆਂ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ।

ਮਾਂ ਦਾ ਚਿਹਰਾ ਝੁਰੜੀਆਂ ਨਾਲ ਘੱਟ ਪਰ ਫਿਕਰਾਂ ਅਤੇ ਦੁੱਖਾਂ ਨਾਲ ਜ਼ਿਆਦਾ ਭਰਿਆ ਹੋਇਆ ਹੈ। ਆਖਿਰ ਇਨ੍ਹਾਂ ਦਾ ਬਣੇ ਤਾਂ ਕੌਣ ਬਣੇ, ਵੋਟਾਂ ਲੈਣ ਤਾਂ ਹਰ ਲੀਡਰ ਆਉਂਦਾ ਹੈ। ਪੰਚ ਸਰਪੰਚ ਸਭ ਚੌਧਰੀ ਬਣੇ ਘੁੰਮਦੇ ਹੋਣਗੇ ਵੋਟਾਂ ਸਮੇਂ। ਪਰ ਹੁਣ ਖਾਣ ਨੂੰ ਦਾਣੇ ਤੱਕ ਨਹੀਂ ਦਿੰਦਾ ਕੋਈ, ਜੇ ਵੱਟ ’ਤੇ ਚੜ੍ਹ ਵੀ ਜਾਣ ਤਾਂ ਝਿੜਕਾਂ ਪੈਂਦੀਆਂ ਹਨ। ਬਜ਼ੁਰਗ ਮਾਂ ਦੀਆਂ ਗੱਲਾਂ ਵਿੱਚ ਹੁਣ ਦੁੱਖ ਘੱਟ ਪਰ ਸਰਕਾਰਾਂ ਅਤੇ ਰੱਬ ਲਈ ਗੁੱਸਾ ਜ਼ਿਆਦਾ ਰਹਿ ਗਿਆ ਹੈ।

ਅੱਕਿਆ ਥੱਕਿਆ ਅਤੇ ਧੁਰ ਅੰਦਰ ਤੱਕ ਟੁਟਿਆ ਟੱਬਰ ਹੁਣ ਜ਼ਿੰਦਗੀ ਨਾਲੋਂ ਮੌਤ ਨੂੰ ਚੰਗਾ ਸਮਝ ਰਿਹਾ ਹੈ ਅਤੇ ਰੱਬ ਤੋਂ ਇਹੀ ਮੰਗਦਾ ਹੈ ਕਿ ਹੋਰ ਕੁੱਝ ਤਾਂ ਨਹੀਂ ਦਿੱਤਾ ਘੱਟੋ ਘੱਟ ਮੌਤ ਹੀ ਦੇ ਦੇ। ਮਾਤਾ ਦੇ ਬੋਲ ਸੀਨਾ ਚੀਰਦੇ ਹਨ, ਪਤੀ 20 ਸਾਲ ਪਹਿਲਾਂ ਮਰ ਗਿਆ ਹੈ ਅਤੇ ਇੱਕੋ ਇੱਕ ਕਮਾਉਣ ਵਾਲਾ ਪੁੱਤਰ ਵੀ ਪੈਸੇ ਦੀ ਘਾਟ, ਬਿਮਾਰੀਆਂ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਕੇ ਪਰਿਵਾਰ ਨੂੰ ਅਲਵਿਦਾ ਆਖ ਗਿਆ।

ਮਾਤਾ ਵਾਰ-ਵਾਰ ਇੱਕੋ ਗੱਲ ਕਹਿੰਦੀ ਹੈ ਕਈਆਂ ਨੂੰ ਰੱਬਾ ਤੂੰ ਬਾਦਸ਼ਾਹ ਬਣਾ ਦਿੱਤਾ ਅਤੇ ਕਈਆਂ ਨੂੰ ਪੁੱਛਦਾ ਹੀ ਕੋਈ ਨਹੀਂ। ਕੋਈ ਪੰਜ ਵਾਰ ਮੁੱਖ ਮੰਤਰੀ, ਕੋਈ 3 ਵਾਰ ਮੁੱਖ ਮੰਤਰੀ, ਕੋਈ ਡੀ.ਸੀ. ਕੋਈ ਡਿਪਟੀ, ਪੰਜਾਬ ਦਾ ਅਰਬਾਂ ਦਾ ਬਜਟ, ਧਾਰਮਿਕ ਸੰਸਥਾਵਾਂ ਦਾ ਅਰਬਾਂ ਦਾ ਬਜਟ, ਲੋਕਾਂ ਨੂੰ ਕੀ ਮਿਲਿਆ ਗਰੀਬੀ, ਮੌਤ, ਲਾਚਾਰੀ, ਬਿਮਾਰੀਆਂ, ਘਰਾਂ ‘ਚ ਨਾ ਲਾਇਟ, ਨਾ ਪੀਣ ਦਾ ਪਾਣੀ, ਨਾ ਸਿਰ ਢਕਣ ਨੂੰ ਛੱਤ, ਕਿੰਨਾ ਲਿਖਿਆ ਜਾਵੇ ਇਸ ਬਾਰੇ ਜਾਂ ਇਨ੍ਹਾਂ ਗਰੀਬਾਂ ਬਾਰੇ, ਲਿਖ ਕੇ ਹੋਵੇਗਾ ਵੀ ਕੀ? ਕਿਸੇ ਨੇ ਨਹੀਂ ਸੁਣਨੀ, ਹਾਲਾਤ ਨਾ ਕਦੇ ਸੁਧਰੇ ਸੀ ਨਾ ਸੁਧਰਨਗੇ।  

Leave a Reply

Your email address will not be published.