ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਨੂੰ ਰੋਕਣ ਗਈ ਨਿਗਮ ਦੀ ਟੀਮ ’ਤੇ ਲੋਕਾਂ ਨੇ ਕੀਤੀ ਪੱਥਰਬਾਜ਼ੀ  

 ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਨੂੰ ਰੋਕਣ ਗਈ ਨਿਗਮ ਦੀ ਟੀਮ ’ਤੇ ਲੋਕਾਂ ਨੇ ਕੀਤੀ ਪੱਥਰਬਾਜ਼ੀ  

ਸਨੌਰ ਰੋਡ ਤੇ ਵੱਡੇ ਅਰਾਈ ਮਾਜਰਾ ਵਿੱਟ ਕਰੀਬ 600 ਗਜ਼ ਸਰਕਾਰੀ ਜ਼ਮੀਨ ਤੇ ਨਜਾਇਜ਼ ਉਸਾਰੀ ਨੂੰ ਰੋਕਣ ਆਈ ਨਿਗਮ ਟੀਮ ਤੇ ਲੋਕਾਂ ਨੇ ਪਥਰਾਅ ਕੀਤਾ। ਇਸ ਦੇ ਨਾਲ ਹੀ ਪੱਥਰਬਾਜ਼ਾਂ ਵੱਲੋਂ ਨਗਰ ਨਿਗਮ ਦੀ ਜੇਸੀਬੀ ਮਸ਼ੀਨ ਸਮੇਤ 5 ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਨਿਗਮ ਟੀਮ ਤੇ ਦਬਾਅ ਬਣਾਉਣ ਲਈ ਦੋ ਵਿਅਕਤੀਆਂ ਨੇ ਆਪਣੇ ਆਪ ਤੇ ਡੀਜ਼ਲ ਪਾ ਕੇ ਆਤਮਦਾਹ ਕਰਨ ਦੀ ਧਮਕੀ ਦਿੱਤੀ ਹੈ। ਸਥਿਤੀ ਬੇਕਾਬੂ ਹੁੰਦੀ ਦੇਖ ਨਿਗਮ ਦੀ ਟੀਮ ਬੇਰੰਗ ਵਾਪਸ ਪਰਤ ਗਈ।

ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਤੁਰੰਤ ਇਸ ਮਾਮਲੇ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਕੇ ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਨੂੰ ਭੇਜ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਸਬੰਧੀ ਲੈਂਡ ਬ੍ਰਾਂਚ ਦੇ ਇੰਚਾਰਜ ਵਿਸ਼ਾਲ ਸਿਆਲ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਨਿਗਮ ਦੀ ਲੈਂਡ ਬ੍ਰਾਂਚ ਨੇ ਵੱਡੇ ਅਰਾਈ ਮਾਜਰਾ ਵਿਖੇ ਨਜਾਇਜ਼ ਕਬਜ਼ਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਸੀ।

ਨਿਗਮ ਕਮਿਸ਼ਨਰ ਦੇ ਹੁਕਮਾਂ ਤੇ ਨਿਗਮ ਦੀ ਜ਼ਮੀਨ ਤੇ ਨਿਗਮ ਦੀ ਮਾਲਕੀ ਸਬੰਧੀ ਬੋਰਡ ਵੀ ਲਾਇਆ ਗਿਆ ਸੀ। ਮੁਲਜ਼ਮਾਂ ਨੇ ਨਿਗਮ ਦੀ ਜ਼ਮੀਨ ਵਿੱਚ ਲੱਗੇ ਸੂਚਨਾ ਬੋਰਡ ਨੂੰ ਚੋਰੀ ਕਰਕੇ ਕਰੀਬ 600 ਗਜ਼ ਜ਼ਮੀਨ ਤੇ ਨਾਜਾਇਜ਼ ਉਸਾਰੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਲੈਂਡ ਬ੍ਰਾਂਚ ਇੰਚਾਰਜ ਸੁਪਰਡੈਂਟ ਵਿਸ਼ਾਲ ਸਿਆਲ ਸਮੇਤ ਇੰਸਪੈਕਟਰ ਮੁਨੀਸ਼ ਪੁਰੀ, ਜਤਿੰਦਰ ਕੁਮਾਰ ਪ੍ਰਿੰਸ, ਗੁਰਮੇਲ ਸਿੰਘ ਅਤੇ ਨਿਗਮ ਦੇ ਸੱਤ ਪੁਲਿਸ ਮੁਲਾਜ਼ਮ ਉਹਨਾਂ ਨਾਲ ਮੌਕੇ ਤੇ ਪਹੁੰਚੇ ਹਨ।

ਜਦੋਂ ਟੀਮ ਨੇ ਜ਼ਮੀਨ ਤੇ ਕਬਜ਼ਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਬਜ਼ਾ ਕਰਨ ਵਾਲਿਆਂ ਨੇ ਨਿਗਮ ਟੀਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧ ਦੇ ਬਾਵਜੂਦ ਜਦੋਂ ਨਿਗਮ ਟੀਮ ਨਜਾਇਜ਼ ਉਸਾਰੀ ਨੂੰ ਹਟਾਉਣ ਲਈ ਅੱਗੇ ਵਧੀ ਤਾਂ ਕਬਜ਼ਾਧਾਰੀਆਂ ਨੇ ਨਿਗਮ ਟੀਮ ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਨਿਗਮ ਦੀ ਟੀਮ ਤੇ ਦਬਾਅ ਬਣਾਉਣ ਲਈ ਦੋਸ਼ੀ ਪੱਖ ਦੇ ਦੋ ਵਿਅਕਤੀਆਂ ਨੇ ਆਪਣੇ ਡੀਜ਼ਲ ਪਾ ਕੇ ਆਤਮ ਹੱਤਿਆ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਕਬਜ਼ਾ ਕਰਨ ਦੀ ਕੋਸ਼ਿਸ਼ ਅਤੇ ਡਿਊਟੀ ਦੌਰਾਨ ਸਰਕਾਰੀ ਮੁਲਾਜ਼ਮਾਂ ਦੇ ਕੰਮ ਵਿੱਚ ਰੁਕਾਵਟ ਪੈਦਾ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਤੁਰੰਤ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਐਸਐਸਪੀ ਪਟਿਆਲਾ ਨੂੰ ਦੇ ਦਿੱਤੀ ਹੈ। ਫਿਲਹਾਲ ਕਬਜ਼ਾਧਾਰਕਾਂ ਨੇ ਉਸਾਰੀ ਦਾ ਕੰਮ ਬੰਦ ਕਰ ਦਿੱਤਾ ਹੈ।

ਸਰਕਾਰੀ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਨਿਗਮ ਦੇ ਸਾਬਕਾ ਪਟਵਾਰੀ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਸਨੌਰ ਰੋਡ ਤੋਂ ਲੈ ਕੇ ਅਰਾਈ ਮਾਜਰਾ ਦੀ ਮੁੱਖ ਸੜਕ ਦੇ ਸਿਰੇ ਤੱਕ ਸੱਜੇ ਪਾਸੇ ਬੰਧਾ ਰੋਡ ਦੇ ਨਾਲ ਵਾਲੀ ਸਾਰੀ ਜ਼ਮੀਨ ਨਗਰ ਨਿਗਮ ਦੀ ਹੈ। ਜਾਣਕਾਰੀ ਮਿਲੀ ਹੈ ਕਿ ਇਸ ਜ਼ਮੀਨ ਤੇ ਸਿਰਫ਼ ਇੱਕ ਹੀ ਐਲੀਮੈਂਟਰੀ ਸਕੂਲ ਹੈ ਪਰ ਹੋਰ ਜ਼ਮੀਨ ਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ।

Leave a Reply

Your email address will not be published.