ਸਰਕਾਰੀ ਸਕੂਲਾਂ ’ਚ ਲਗਾਏ ਜਾਣਗੇ ਸੋਲਰ ਪੈਨਲ, ਪੈਦਾ ਕਰਨਗੇ ਆਪਣੀ ਬਿਜਲੀ, ਜਲੰਧਰ ਦੇ 40 ਸਕੂਲਾਂ ਦੀ ਚੋਣ

ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੀਆਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਪਹਿਲੇ ਪੜਾਅ ਅਧੀਨ 40 ਸਕੂਲਾਂ ਦੀ ਚੋਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ ਗੈਰ-ਸਰਕਾਰੀ ਸੰਸਥਾ ਆਈਸੀਆਈਸੀਆਈ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ ਤੇ 60 ਲੱਖ ਰੁਪਏ ਦੀ ਲਾਗਤ ਨਾਲ 40 ਕਿਲੋਵਾਟ ਦੀ ਸਮਰੱਥਾ ਵਾਲੇ 11 ਰੂਫ ਟਾਪ ਸੌਰ ਪੈਨਲ ਪਹਿਲਾਂ ਦੀ ਸਥਾਪਤ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਹ ਪੈਨਲ ਸਫ਼ਲਤਾ ਪੂਰਵਕ ਪਿੰਡ ਜਮਸ਼ੇਰ, ਬਿਨਪਾਲਕੇ, ਬੱਲ, ਪਚਰੰਗਾ, ਵਰਿਆਣਾ, ਚੂਹੜਵਾਲੀ, ਕਲਿਆਣਪੁਰ, ਢੀਂਡਸਾ, ਨੱਥੇਵਾਲ ਤੇ ਗੋਪਾਲਪੁਰ ਦੇ ਸਰਕਾਰੀ ਸਕੂਲਾਂ ਵਿੱਚ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਰਹਿੰਦੇ 29 ਸਕੂਲਾਂ ਵਿੱਚ ਸੋਲਰ ਪੈਨਲ ਜਲਦ ਲਾਏ ਜਾ ਰਹੇ ਹਨ ਤੇ ਅਗਲੇ ਪੜਾਅ ਦੌਰਾਨ ਇਨ੍ਹਾਂ 40 ਸਕੂਲਾਂ ਵਿੱਚ ਜ਼ਮੀਨਦੋਜ਼ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸਥਾਪਤ ਕੀਤੇ ਜਾਣਗੇ।
ਆਈਸੀਆਈਸੀਆਈ ਫਾਊਂਡੇਸ਼ਨ ਦੇ ਕਾਰਜਕਾਰੀ ਟ੍ਰੇਨੀ ਬਾਨੀ ਸਿੰਘ ਤੇ ਕਮਿਊਨਟੀ ਫੈਸਿਲੀਟੇਟਰ ਸਾਧੂ ਰਾਮ ਨੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਅਗਵਾਈ ਤੇ ਸਹਾਇਤਾ ਪ੍ਰਦਾਨ ਕਰਨ ਲਈ ਸਹਿਯੋਗ ਦੇਣ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੂਫ਼ ਟਾਪ ਸੌਰ ਸਿਸਟਮ ਨੂੰ ਪਾਵਰ ਬੈਕਅਪ ਸਹੂਲਤ ਨਾਲ ਲੈਸ ਕੀਤਾ ਗਿਆ ਹੈ ਜੋ ਇਨ੍ਹਾਂ ਸਕੂਲਾਂ ਨੂੰ ਮੁਕੰਮਲ ਤੌਰ ’ਤੇ ਬਿਜਲੀ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਏਗਾ।
ਉਨ੍ਹਾਂ ਕਿਹਾ ਕਿ ਇਹ ਸੋਲਰ ਪੈਨਲ ਲੱਗਣ ਤੋਂ ਤੁਰੰਤ ਬਾਅਦ ਇਨ੍ਹਾਂ ਸਕੂਲਾਂ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸਿਵਲ ਹਸਪਤਾਲ ਨੂੰ ਬਲੱਡ ਟਰਾਂਸਪੋਰਟ ਵਹੀਕਲ ਮੁਹੱਈਆ ਕਰਵਾਉਣ ਲਈ ਪ੍ਰਕਿਰਿਆ ਆਰੰਭੀ ਗਈ ਹੈ।