ਸਦਨ ਦੇ ਤੀਜੇ ਦਿਨ ਵੀ ਹੋਇਆ ਭਾਰੀ ਹੰਗਾਮਾ, ਸੋਮਵਾਰ ਤੱਕ ਕਾਰਵਾਈ ਹੋਈ ਮੁਲਤਵੀ

 ਸਦਨ ਦੇ ਤੀਜੇ ਦਿਨ ਵੀ ਹੋਇਆ ਭਾਰੀ ਹੰਗਾਮਾ, ਸੋਮਵਾਰ ਤੱਕ ਕਾਰਵਾਈ ਹੋਈ ਮੁਲਤਵੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਜੀਲੈਂਸ ਕਮਿਸ਼ਨ ਨੂੰ ਦੂਜੀ ਵਾਰ ਭੰਗ ਕੀਤਾ ਗਿਆ ਹੈ। ਵਿਧਾਨ ਸਭਾ ਦੇ ਤੀਜੇ ਦਿਨ ਵੀ ਸਦਨ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਕਾਂਗਰਸੀ ਵਿਧਾਇਕਾਂ ਵੱਲੋਂ ਮੰਤਰੀ ਸਰਾਰੀ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਇਸ ਮੌਕੇ ਸਿਫ਼ਰ ਕਾਲ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਤੇ ਮੁਆਵਜ਼ੇ ਦਾ ਮੁੱਦਾ ਚੁੱਕਿਆ। ਵਿਧਾਨ ਸਭਾ ਵਿੱਚ ਅੱਜ ਮੰਤਰੀ ਫੌਜਾ ਸਿੰਘ ਸਰਾਰੀ ਦੀ ਇੱਕ ਵਾਇਰਲ ਆਡੀਓ ਦੇ ਮੁੱਦੇ ਤੇ ਜ਼ੋਰਦਾਰ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿਫ਼ਰ ਕਾਲ ਦਾ ਐਲਾਨ ਕਰਦਿਆਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਦਾ ਮੌਕਾ ਦਿੱਤਾ ਤਾਂ ਉਹਨਾਂ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ।

ਵਿਰੋਧ ਧਿਰ ਨੇ ਇਸ ਮੁੱਦੇ ਤੇ ਸਰਕਾਰ ਤੇ ਖ਼ਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਮੰਗ ਕੀਤੀ ਤਾਂ ਸਪੀਕਰ ਨੇ ਸਪੱਸ਼ਟ ਕੀਤਾ ਕਿ ਸਿਫ਼ਰ ਕਾਲ ਦੌਰਾਨ ਉੱਠੇ ਕਿਸੇ ਵੀ ਮੁੱਦੇ ਤੇ ਸਪੀਕਰ ਸਰਕਾਰ ਨੂੰ ਜਵਾਬ ਦੇਣ ਲਈ ਪਾਬੰਦ ਨਹੀਂ ਕਰ ਸਕਦਾ ਹੈ। ਮੁੱਖ ਮੰਤਰੀ ਦੇ ਬਿਆਨ ਤੇ ਅੜੀ ਵਿਰੋਧੀ ਧਿਰ ਨੇ ਜਦੋਂ ਵਿਚਕਾਰ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀਤਾਂ ਸਪੀਕਰ ਵੱਲੋਂ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ।

ਕਾਂਗਰਸੀ ਵਿਧਾਨਕਾਰ ਸੁਖਵਿੰਦਰ ਕੋਟਲੀ ਨੇ ਆਦਮਪੁਰ ਦੇ ਫਲਾਈਓਵਰ ਨਾ ਬਣਨ ਕਰਕੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੇ ਨਗਰ ਕੌਂਸਲ ਦੀ ਰੋਕੀ 6 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਦੀ ਮੰਗ ਕੀਤੀ। ਗੁਰਪ੍ਰੀਤ ਗੋਗੀ ਅਤੇ ਗੁਰਦਿੱਤ ਸੇਖੋਂ ਨੇ ਸਕੂਲਾਂ ਲਈ ਅਥਾਰਟੀ ਬਣਾਉਣ ਤੇ ਸਕੂਲਾਂ ਵਿੱਚ ਪੀਟੀ-ਡੀਪੀ ਦੀ ਭਰਤੀ ਦੀ ਮੰਗ ਕੀਤੀ।

ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਕਿ ਉਹਨਾਂ ਦਾ ਨਾਮ ਸਹੀ ਬੋਲਿਆ ਜਾਵੇ, ਸਪੀਕਰ ਸਾਹਿਬ ਨੇ ਉਹਨਾਂ ਦਾ ਨਾਮ ਬਲਵਿੰਦਰ ਸਿੰਘ ਲਾਡੀ ਕਹਿ ਦਿੱਤਾ ਸੀ। ਲਾਡੀ ਨੇ ਸ਼ਾਹਕੋਟ ਹਲਕੇ ਦੇ ਤਿੰਨ ਬਲਾਕਾਂ ਵਿੱਚ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਨਾ ਹੋਣ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਬੀਡੀਪੀਓ ਨਾ ਹੋਣ ਕਰਕੇ ਪੰਚਾਇਤਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Reply

Your email address will not be published.