ਸਦਨ ’ਚ ਹੰਗਾਮਾ, ਲੋਕ ਸਭਾ ਸਪੀਕਰ ਬੋਲੇ, ਸੰਸਦ ਮੈਂਬਰ ਨਹੀਂ ਮੰਨੇ ਤਾਂ ਹੋਵੇਗੀ ਕਾਰਵਾਈ

ਸੰਸਦ ਦੇ ਦੋਵਾਂ ਸਦਨਾਂ ਵਿੱਚ ਅੱਜ ਵੀ ਵਿਰੋਧੀਆਂ ਪਾਸੋਂ ਹੰਗਾਮਾ ਹੋ ਰਿਹਾ ਹੈ। ਰਾਜ ਸਭਾ ਵਿੱਚ ਅੱਜ ਵੀ ਵਿਰੋਧੀ ਕਥਿਤ ਜਾਸੂਸੀ ਕਾਂਡ ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਹੈ। ਵਿਰੋਧੀਆਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਮਾਨਸੂਨ ਸੈਸ਼ਨ ਵਿੱਚ ਸ਼ੁਰੂਆਤੀ 8 ਦਿਨ ਹੰਗਾਮੇ ਦੀ ਭੇਟ ਚੜੇ ਹਨ। ਸੰਸਦ ਦੇ ਦੋਵਾਂ ਸਦਨਾਂ ਵਿੱਚ ਅੱਜ ਵੀ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮਾ ਹੋਣ ਲੱਗਿਆ।

ਪਹਿਲਾਂ ਰਾਜ ਸਭਾ ਦੀ ਬੈਠਕ ਸ਼ੁਰੂ ਹੋਣ ਦੇ ਕੁਝ ਸਮੇਂ ਬਾਅਦ ਹੀ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ 11.30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਜੇ ਸੰਸਦ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾਵੇਗਾ ਤਾਂ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਲੋਕ ਸਭਾ ਵਿੱਚ ਕਾਂਗਰਸ ਦੇ ਕੁਝ ਮੈਂਬਰਾਂ ਵੱਲੋਂ ਕਾਗਜ਼ ਸੁੱਟਣ ਦੀ ਘਟਨਾ ਨੂੰ ਲੈਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਝਗੜਾ ਹੋਇਆ ਸੀ।
ਅੱਜ ਤੋਂ ਦਿੱਲੀ ਵਿਧਾਨ ਸਭਾ ਦਾ ਦੋ ਦਿਨ ਮਾਨਸੂਨ ਸੈਸ਼ਨ ਸ਼ੁਰੂ ਹੋਇਆ ਹੈ। ਸੈਸ਼ਨ ਸ਼ੁਰੂ ਹੁੰਦੇ ਹੀ ਵਿਧਾਨ ਸਭਾ ਜ਼ਬਰਦਸਤ ਹੰਗਾਮਾ ਹੋਣ ਲੱਗਿਆ। ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਭਾਜਪਾ ਤਮਾਮ ਸਵਾਲ ਚੁੱਕ ਰਹੀ ਹੈ। ਉੱਥੇ ਹੀ ਦਿੱਲੀ ਵਿਧਾਨ ਸਭਾ ਵਿੱਚ ਕੇਜਰੀਵਾਲ ਸਰਕਾਰ ਭਾਜਪਾ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਸਦਨ ਦੇ ਬਾਹਰ ਕਾਂਗਰਸ ਦਾ ਜ਼ੋਰਦਾਰ ਪ੍ਰਦਰਸ਼ਨ ਚਲ ਰਿਹਾ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਘੇਰਨ ਲਈ ਕਾਂਗਰਸੀ ਵਰਕਰ ਰਾਜਧਾਨੀ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਹਨ।
ਉਹਨਾਂ ਵੱਲੋਂ ਕੋਰੋਨਾ, ਗੰਦਾ ਪਾਣੀ, ਬਿਜਲੀ ਤੇ ਵਧਦੀ ਮਹਿੰਗਾਈ ਦੇ ਮੁੱਦੇ ਤੇ ਪ੍ਰਦਰਸ਼ਨ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਮੁੱਦੇ ਤੇ ਸੰਸਦ ਵਿੱਚ ਪ੍ਰਦਰਸ਼ਨ ਕੀਤਾ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ, “9 ਦਿਨਾਂ ਤੋਂ ਮੈਂ ਰੋਜ਼ ਮੁਲਤਵੀ ਮਤਾ ਲੈ ਕੇ ਆਉਂਦੀ ਹਾਂ। ਜੇ ਸਰਕਾਰ ਵਿਚਾਰ-ਵਟਾਂਦਰਾ ਚਾਹੁੰਦੀ ਤਾਂ ਮੁਲਤਵੀ ਮਤੇ ਨੂੰ ਸਵੀਕਾਰਦਿਆਂ ਸਮਾਂ ਦਿੰਦੀ। ਇਹ ਅੰਨਦਾਤਾ ਵਿਰੋਧੀ ਸਰਕਾਰ ਹੈ।”
ਪੈਗਾਸਸ ਜਾਸੂਸੀ ਮਾਮਲੇ ਅਤੇ ਕੁਝ ਹੋਰ ਮੁੱਦਿਆਂ ਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਫਿਰ ਦੁਪਹਿਰ 2 ਵਜੇ ਤੱਕ ਮੁਲਤਵਾ ਕਰ ਦਿੱਤਾ ਗਿਆ। ਭਾਰੀ ਹੰਗਾਮੇ ਦੇ ਚਲਦੇ ਸੰਸਦ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪੈ ਰਹੀ ਹੈ।
