ਸਕੂਲਾਂ ਨੂੰ ਰੰਗ ਕਰਕੇ ਕੈਪਟਨ ਨੇ ਬਣਵਾਏ ਸਮਾਰਟ ਸਕੂਲ, ‘ਆਪ’ ਆਗੂ ਨੇ ਖੋਲ੍ਹੀ ਪੋਲ

ਪਿਛਲੇ ਦਿਨੀਂ ਮੋਦੀ ਸਰਕਾਰ ਵੱਲੋਂ ਇੱਕ ਰਿਪੋਰਟ ਜਾਰੀ ਕਰਦਿਆਂ ਦੇਸ਼ ਭਰ ‘ਚੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨੰਬਰ ਵੰਨ ਸਕੂਲ ਕਿਹਾ ਗਿਆ। ਹਾਲਾਂਕਿ ਇਸ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਵੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲੱਖਾਂ ਦਾਅਵੇ ਕੀਤੇ ਜਾ ਰਹੇ ਨੇ ਪਰ ਇਨ੍ਹਾਂ ਦਾਅਵਿਆਂ ਚ ਕਿੰਨੀ ਕੁ ਸੱਚਾਈ ਹੈ ਇਸ ਦਾ ਖੁਲਾਸਾ ਅੱਜ ਪੰਜਾਬੀ ਲੋਕ ਚੈਨਲ ਦੇ ਪੱਤਰਕਾਰਾਂ ਵੱਲੋਂ ਉਸ ਸਮੇਂ ਕੀਤਾ ਗਿਆ ਜਦੋਂ ਹੁਸ਼ਿਆਰਪੁਰ ਦੇ ਪਿੰਡ ਹੇੜੀਆਂ ‘ਚ ਸਰਕਾਰ ਵੱਲੋਂ ਬਣਾਏ ਗਏ ਸਮਾਰਟ ਸਕੂਲ ਦਾ ਦੌਰਾ ਕੀਤਾ ਗਿਆ।

ਸਰਕਾਰੀ ਸਮਾਰਟ ਸਕੂਲ ਨੂੰ ਬੇਸ਼ੱਕ ਰੰਗ ਕਰਵਾਇਆ ਗਿਆ ਹੈ ਅਤੇ ਸਲੋਗਨ ਵੀ ਲਿਖੇ ਹੋਏ ਹਨ ਪਰ ਇਸ ਦੇ ਨਾਲ ਹੀ ਸਕੂਲ ਵਿੱਚ ਬਾਥਰੂਮਾਂ ਦੀ ਹਾਲਤ ਵੀ ਬਦਤਰ ਹੋਈ ਪਈ ਹੈ ਅਤੇ ਸਕੂਲ ਵਿੱਚ ਘਾਹ ਵੀ ਉੱਗਿਆ ਹੋਇਆ ਹੈ। ਉਧਰ ਇਸ ਮਾਮਲੇ ‘ਚ ਬੋਲਦੇ ਹੋਏ ‘ਆਪ’ ਆਗੂ ਮੋਹਨ ਲਾਲ ਨੇ ਕੈਪਟਨ ਸਰਕਾਰ ਨੂੰ ਜੰਮ ਕੇ ਲਾਹਨਤਾਂ ਪਾਈਆਂ।
ਇਸ ਦੇ ਨਾਲ ਹੀ ‘ਆਪ’ ਆਗੂ ਨੇ ਕਿਹੈ ਕਿ ਬੇਸ਼ਕ ਸਿੱਖਿਆ ਵਿਭਾਗ ਵੱਲੋਂ ਸਕੂਲ ਦੀਆਂ ਬਾਹਰੀ ਕੰਧਾਂ ਨੂੰ ਚੰਗੀ ਤਰ੍ਹਾਂ ਚਮਕਾਇਆ ਗਿਆ ਹੈ ਪਰ ਸਕੂਲ ਦੇ ਆਲੇ ਦੁਆਲੇ ਕੋਈ ਵੀ ਕੰਧ ਨਹੀਂ ਬਣਾਈ ਗਈ ਅਤੇ ਇਸ ਦੇ ਨਾਲ ਹੀ ਸਕੂਲ ‘ਚ ਘਾਹ ਦੇ ਨਾਲ ਨਾਲ ਭੰਗ ਦੀ ਬੂਟੀ ਵੀ ਉੱਗੀ ਹੋਈ ਹੈ।
ਦੱਸ ਦਈਏ ਕਿ ਉਧਰ ਮੋਦੀ ਸਰਕਾਰ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਬੇਕਾਰ ਸਕੂਲ ਕਹਿਣ ‘ਤੇ ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਆਪਸੀ ਮਿਲੀ ਭੁਗਤ ਦੇ ਇਲਜ਼ਾਮ ਵੀ ਲਾਏ ਗਏ। ਇੰਨਾ ਹੀ ਨਹੀਂ ਉਹਨਾਂ ਕੈਪਟਨ ਸਰਕਾਰ ਨੂੰ ਪਿਛਲੇ ਦਿਨੀਂ ਸਰਕਾਰੀ ਸਕੂਲ ‘ਚੋਂ ਮਿਲੀ ਸ਼ਰਾਬ ਦੀ ਭੱਠੀ ਵੀ ਯਾਦ ਕਰਵਾਈ।
ਜਿੱਥੇ ਸਕੂਲ ਦੇ ਹੀ ਚਪੜਾਸੀ ਵੱਲੋਂ ਸ਼ਰਾਬ ਕੱਢੀ ਜਾ ਰਹੀ ਸੀ। ਫਿਲਹਾਲ ਪੰਜਾਬ ਦੇ ਲੋਕਾਂ ਵੱਲੋਂ ਕੈਪਟਨ ਸਰਕਾਰ ਵੱਲੋਂ ਬਣਾਏ ਗਏ ਸਰਕਾਰੀ ਸਮਾਰਟ ਸਕੂਲਾਂ ‘ਤੇ ਸਵਾਲ ਚੁੱਕੇ ਜਾ ਰਹੇ ਨੇ ‘ਤੇ ਕੈਪਟਨ ਸਰਕਾਰ ਨੂੰ ਲਾਹਨਤਾਂ ਪਾਈਆ ਜਾ ਰਹੀਆਂ ਹਨ।
