ਸਕਾਟਲੈਂਡ ਦੀ ਪਹਿਲੀ ਸਿੱਖ ਔਰਤ ਸੰਸਦ ਮੈਂਬਰ ਬਣੀ ਪੈਮ ਗੋਸਲ

ਕਹਿੰਦੇ ਨੇ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ ਉੱਥੇ ਹੀ ਆਪਣੇ ਮਿਹਨਤ ਸਦਕਾ ਜਿੱਤ ਦੇ ਝੰਡੇ ਜ਼ਰੂਰ ਗੱਡ ਲੈਂਦੇ ਹਨ। ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਹੈ ਸਕਾਟਲੈਂਡ ‘ਚ। ਇੱਥੇ ਸਕਾਟਿਸ਼ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਹਨ। ਇਸ ਦੌਰਾਨ ਪੈਮ ਗੋਸਲ ਨੇ ਐੱਮਪੀ ਬਣ ਕੇ ਸਕਾਟਲੈਂਡ ਦੀ ਪਹਿਲੀ ਸਿੱਖ ਔਰਤ ਸੰਸਦ ਮੈਂਬਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।

ਇਸ ਤੋਂ ਵੱਡਾ ਮਾਣ ਵਿਸ਼ਵ ਭਰ ਦੇ ਸਿੱਖ ਇਸ ਵੀਡੀਓ ਨੂੰ ਦੇਖ ਕੇ ਮਹਿਸੂਸ ਕਰਨਗੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੈਮ ਗੋਸਲ ਨੇ ਸਹੁੰ ਚੁੱਕ ਸਮਾਗਮ ਵੇਲੇ ਸਹੁੰ ਚੁੱਕਣ ਤੋਂ ਪਹਿਲਾਂ ਸੰਬੋਧਨੀ ਸ਼ੁਰੂਆਤ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ” ਬੁਲਾਈ। ਇੰਨਾ ਹੀ ਨਹੀਂ ਪੈਮ ਗੋਸਲ ਨੇ ‘ਗੁਟਕਾ ਸਾਹਿਬ ਤੇ ਮੂਲ ਮੰਤਰ’ ਦੇ ਜਾਪ ਨਾਲ ਸਹੁੰ ਚੁੱਕੀ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੈਮ ਗੋਸਲ ਨੇ ਸਹੁੰਚ ਚੁੱਕ ਕੇ ਅਖੀਰ ਵਿੱਚ ਫਿਰ ਫਤਿਹ ਬੁਲਾ ਕੇ ਗੁਟਕਾ ਸਾਹਿਬ ਮੱਥੇ ਨੂੰ ਛੁਹਾ ਕੇ ਆਪਣੇ ਸਥਾਨ ‘ਤੇ ਵਾਪਸ ਬੈਠ ਜਾਂਦੀ ਹੈ। ਦੱਸ ਦਈਏ ਕਿ ਪੈਮ ਦਾ ਜੀਵਨ ਗਲਾਸਗੋ ‘ਚ ਹੀ ਬੀਤਿਆ ਹੈ ਤੇ ਉਸ ਦਾ ਦਾਦਕਾ ਪਿੰਡ ਕੰਗਣੀਵਾਲ (ਜਲੰਧਰ) ਹੈ ਤੇ ਨਾਨਕਾ ਪਿੰਡ ਸ਼ੰਕਰ ਹੈ।
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਇਹ ਇਕ ਇਤਿਹਾਸਕ ਪਲ ਹੈ ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਯੂਨਾਈਟਿਡ ਕਿੰਗਡਮ ਦੇ ਕਿਸੇ ਸੰਸਦ ਮੈਂਬਰ ਨੇ ਸੰਸਦ ਦੇ ਅੰਦਰ ਸਿੱਖ ਬਾਣੀ ਨੂੰ ਪੜ੍ਹਿਆ ਹੈ।
