ਸ਼੍ਰੋਮਣੀ ਕਮੇਟੀ ਦੇ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਕਈ ਅਹਿਮ ਮਤੇ ਪਾਸ

 ਸ਼੍ਰੋਮਣੀ ਕਮੇਟੀ ਦੇ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਕਈ ਅਹਿਮ ਮਤੇ ਪਾਸ

ਸ਼੍ਰੋਮਣੀ ਕਮੇਟੀ ਦੇ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਹੋਏ ਇਜਲਾਸ ਦੌਰਾਨ ਹਰਿਆਣਾ ਵਿੱਚ ਬਣੀ ਵੱਖਰੀ ਕਮੇਟੀ ਨੂੰ ਗੈਰ-ਸੰਵਿਧਾਨਿਕ ਕਰਾਰ ਦਿੱਤਾ ਗਿਆ। ਇਸ ਦੌਰਾਨ ਬੀਤੇ ਸਮੇਂ ਵਿੱਚ ਅਕਾਲ ਚਲਾਣਾ ਕਰ ਗਈਆਂ ਪੰਥ ਦੀਆਂ ਕਈ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੂਲਮੰਤਰ ਅਤੇ ਗੁਰਮੰਤਰ ਦੇ ਜਾਪ ਕੀਤੇ ਗਏ।

Image

ਇਜਲਾਸ ਦੌਰਾਨ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਸ ਮਸਲੇ ’ਤੇ ਰਾਜਨੀਤੀ ਨਾ ਕੀਤੀ ਜਾਵੇ ਤੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਰੱਦ ਕਰਨ ਲਈ ਸੰਸਦ ਵਿੱਚ ਬਿੱਲ ਲਿਆਂਦਾ ਜਾਵੇ।

Image

10 ਮਤੇ

ਪਹਿਲੇ ਮਤੇ ਵਿੱਚ ਮੋਰਚਾ ਗੁਰੂ ਕਾ ਬਾਗ ਅਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਲਈ ਸਹਿਯੋਗ ਕਰਨ ਵਾਲੀਆਂ ਸਾਰੀਆਂ ਜੱਥੇਬੰਦੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਿੱਖ ਇਤਿਹਾਸ ਦੇ ਇਹਨਾਂ ਸਾਕਿਆਂ ਅਤੇ ਮੋਰਚਿਆਂ ਤੋਂ ਪ੍ਰੇਰਣਾ ਪ੍ਰਾਪਤ ਕਰਕੇ ਕੌਮੀ ਟੀਚਿਆਂ ਲਈ ਸੰਗਠਤ ਰੂਪ ਵਿੱਚ ਅੱਗੇ ਵਧਣ ਦੀ ਕੌਮ ਨੂੰ ਅਪੀਲ ਕੀਤੀ ਗਈ।

Image

ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਸ਼ਕਤੀ ਕਮਜ਼ੋਰ ਕਰਨ ਲਈ ਪੰਥ ਵਿਰੋਧੀ ਸ਼ਕਤੀਆਂ ਦੀ ਚਾਲ ਕਰਾਰ ਦਿੰਦਿਆਂ ਇਸ ਨੂੰ ਮੁੱਢੋਂ ਰੱਦ ਕਰ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਵਚਨਬੱਧ ਰਹੇਗੀ ਅਤੇ ਇਸ ਲਹਿਰ ਨੂੰ ਹੋਰ ਅੱਗੇ ਵਧਾਉਣ ਲਈ 1 ਦਸੰਬਰ 2022 ਤੋਂ ਸੰਗਤ ਪਾਸੋਂ ਪ੍ਰੋਫਾਰਮੇ ਭਰਾਉਣ ਦਾ ਕਾਰਜ ਸ਼ੁਰੂ ਕੀਤਾ ਜਾਵੇਗਾ, ਜਿਸ ਮਗਰੋਂ ਇਹ ਪ੍ਰੋਫਾਰਮੇ ਗਵਰਨਰ ਪੰਜਾਬ ਨੂੰ ਸੌਂਪੇ ਜਾਣਗੇ।

ਇੱਕ ਮਤਾ ਪਾਸ ਕਰਦਿਆਂ ਕੇਂਦਰ ਸਰਕਾਰ ਦੀ ਦੇਸ਼ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੀ ਯੋਜਨਾ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਗਿਆ ਕਿ ਇਹ ਯੋਜਨਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਅਤੇ ਇਸ ਨੂੰ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ।

ਜੂਨ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਕੌਮ ਦਾ ਰਿਸਦਾ ਨਾਸੂਰ ਆਖਦਿਆਂ ਇਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਕੀਤੀ ਗਈ।

ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਰੇਲ ਸੇਵਾ ਯਕੀਨੀ ਬਣਾਉਣ ਅਤੇ ਬੱਸ ਸੇਵਾ ਦਾ ਵੀ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਸ਼ਰਧਾਲੂਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਦਿੱਲੀ ਦੇ ਨਾਲ-ਨਾਲ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਖੋਲਣ ਅਤੇ ਅਟਾਰੀ-ਵਾਹਗਾ ਸਰਹੱਦ ਰਾਹੀਂ ਜਾਣ ਵਾਲੀ ਸੰਗਤ ਨੂੰ ਸਰਹੱਦ ’ਤੇ ਮੌਕੇ ਵੀਜ਼ਾ ਦੇਣ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।

ਇਸ ਮਤੇ ਰਾਹੀਂ ਪਾਕਿਸਤਾਨ ਦੇ ਗੁਰਧਾਮਾਂ ਲਈ ਹਰ ਸਾਲ ਜਾਣ ਵਾਲੇ ਚਾਰ ਜਥਿਆਂ ਦੀ ਤਰਜ਼ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਦਿਵਸ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਦਿਹਾੜਿਆਂ ਮੌਕੇ ਤਿੰਨ ਹੋਰ ਜਥੇ ਸ਼ਾਮਲ ਕਰਨ ਦੀ ਮੰਗ ਕੀਤੀ ਗਈ।

ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਅਦਾਰਿਆਂ ਨਾਲ ਸਬੰਧਤ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੈਂਬਰ ਇੰਚਾਰਜ ਨਿਯੁਕਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੀਆਂ ਸੰਗਤਾਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਅਤੇ ਪ੍ਰਕਿਰਿਆ ਸੌਖੀ ਕਰਨ ਲਈ ਆਨਲਾਈਨ ਇੰਦਰਾਜ ਫਾਰਮ ਦੀ ਥਾਂ ਆਧਾਰ ਕਾਰਡ ਰਾਹੀਂ ਮੌਕੇ ’ਤੇ ਹੀ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਮੰਗੀ ਗਈ।

ਗੁਰੂ ਸਾਹਿਬਾਨ ਦੀ ਧਰਤੀ ਪੰਜਾਬ ’ਤੇ ਵੱਧ ਰਹੇ ਨਸ਼ਿਆਂ ਬਾਰੇ ਵੀ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੂਬਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਚੋਂ ਜਾਇਜ਼-ਨਾਜਾਇਜ਼ ਨਸ਼ੇ ਖ਼ਤਮ ਕਰਨ ਦੀ ਵਿਉਂਤਬੰਦੀ ਕੀਤੀ ਜਾਵੇ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੀ ਸੰਗਤ ’ਤੇ ਬੁਰਾ ਪ੍ਰਭਾਵ ਪਾ ਰਹੀ ਬੇਤਰਤੀਬੀ ਟ੍ਰੈਫਿਕ ਵਿਵਸਥਾ ਦਰੁੱਸਤ ਕਰਨ ਲਈ ਪੰਜਾਬ ਸਰਕਾਰ ਨੂੰ ਆਖਿਆ ਗਿਆ। ਸ੍ਰੀ ਅੰਮ੍ਰਿਤਸਰ ਦੇ ਵੱਖ-ਵੱਖ ਗੇਟਾਂ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਪੁੱਜਦੇ ਰਸਤਿਆਂ ਲਈ ਠੋਸ ਨੀਤੀ ਤਿਆਰ ਕਰਨ ਦੀ ਮੰਗ ਕੀਤੀ ਗਈ।

Leave a Reply

Your email address will not be published.