ਵੱਡੀ ਖ਼ਬਰ: ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰੀ ਤੋਂ ਦੇ ਸਕਦੇ ਨੇ ਅਸਤੀਫ਼ਾ!

ਜਲੰਧਰ: ਜਿਵੇਂ ਜਿਵੇਂ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਤਿਵੇਂ ਤਿਵੇਂ ਸਿਆਸਤ ਦਾ ਮਾਹੌਲ ਵੀ ਬਦਲਦਾ ਦਿਖਾਈ ਦੇ ਰਿਹਾ ਹੈ। ਹੁਣ ਤਾਂ ਇਉਂ ਲਗਦਾ ਹੈ ਕਿ ਅਕਾਲੀ ਦਲ ਵਿੱਚ ਵੀ ਖਲਬਲੀ ਮਚੀ ਹੋਈ ਹੈ। ਖ਼ਬਰਾਂ ਆ ਰਹੀਆਂ ਹਨ ਕਿ ਪਾਰਟੀ ਦੇ ਬਹੁ-ਗਿਣਤੀ ਨੇਤਾ ਜੋ ਖੇਤੀ ਬਿੱਲਾਂ ਦੇ ਖ਼ਿਲਾਫ਼ ਹਨ, ਉਨ੍ਹਾਂ ਸੁਖਬੀਰ ਸਿੰਘ ਬਾਦਲ ਸਾਹਮਣੇ ਵੀ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ ਅਤੇ ਅਪੀਲ ਕੀਤੀ ਕਿ ਸਾਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ ਅਤੇ ਜੇਕਰ ਭਾਜਪਾ ਸਾਡੇ ਕਹੇ ਮੁਤਾਬਕ ਸੋਧ ਨਹੀਂ ਕਰਦੀ ਤਾਂ ਬੀਬੀ ਬਾਦਲ ਨੂੰ ਕੇਂਦਰ ਦੀ ਵਜ਼ੀਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਰਾਤੋ-ਰਾਤ ਉਨ੍ਹਾਂ ਲੀਡਰਾਂ ਦੇ ਪ੍ਰਭਾਵ ਹੇਠ ਆ ਕੇ ਹੀ ਸੁਖਬੀਰ ਬਾਦਲ ਨੇ ਕੌਰ ਕਮੇਟੀ ਬੁਲਾਈ ਜਿਸ ਵਿਚ ਤੁਰੰਤ ਯੂ-ਟਰਨ ਲਿਆ ਗਿਆ। ਉਸ ਤੋਂ ਬਾਅਦ ਸੁਖਬੀਰ ਬਾਦਲ ਟਵੀਟ ਕਰਕੇ ਪ੍ਰੈੱਸ ਨੋਟ ਜਾਰੀ ਕਰਦੇ ਹਨ ਅਤੇ ਉਸੇ ਆਰਡੀਨੈਂਸ ਨੂੰ ਗ਼ਲਤ ਠਹਿਰਾਉਂਦੇ ਹਨ, ਜਿਸ ਨੂੰ ਸਹੀ ਸਾਬਤ ਕਰਨ ਲਈ ਉਨ੍ਹਾਂ ਨੇ ਪੂਰੀ ਵਾਹ ਲਗਾ ਦਿੱਤੀ ਸੀ ਤੇ ਲੋਕ ਸਭਾ ਵਿਚ ਵੀ ਇਸ ਆਰਡੀਨੈਂਸ ਦਾ ਪੱਖ ਪੂਰਿਆ ਸੀ।
ਇਹ ਵੀ ਪੜ੍ਹੋ: ਕੋਰੋਨਾ ਦੇ ਖ਼ਤਰੇ ਨੂੰ ਘੱਟ ਕਰਨ ਲਈ ਇਹ 8 ਚੀਜ਼ਾਂ ਨੇ ਫ਼ਾਇਦੇਮੰਦ
ਦਰਅਸਲ ਕਿਸਾਨਾਂ ਦੇ ਵੱਡੇ ਵਿਰੋਧ ਅਤੇ ਆਪਣੇ ਹੀ ਲੀਡਰਾਂ ਦੇ ਮਸ਼ਵਰੇ ਤੋਂ ਬਾਅਦ ਅਕਾਲੀ ਦਲ ਨੂੰ ਵੀ ਇਹ ਚਾਨਣ ਹੋ ਗਿਆ ਹੈ ਕਿ ਉਨ੍ਹਾਂ ਦਾ ਸਟੈਂਡ ਸਹੀ ਨਹੀਂ ਹੈ। ਇਸ ਸਭ ਦੇ ਚਲਦੇ ਇਹ ਵੀ ਪਤਾ ਚੱਲਿਆ ਹੈ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਜਿੱਥੇ ਇਸ ਬਿੱਲ ਦਾ ਵਿਰੋਧ ਕਰਨਗੇ ਉੱਥੇ ਹੀ ਆਉਣ ਵਾਲੇ ਸਮੇਂ ਵਿੱਚ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਵਜ਼ੀਰੀ ਤੋਂ ਅਸਤੀਫ਼ਾ ਵੀ ਦੇ ਸਕਦੇ ਹਨ।
ਇਹ ਵੀ ਪੜ੍ਹੋ: ਸੁਣੋ ਸੁਖਬੀਰ ਬਾਦਲ ਦਾ ਬਿਆਨ, ਕਿਹਾ ਮੈਂ ਅੱਜ ਵੀ ਆਰਡੀਨੈਂਸਾਂ ਖਿਲਾਫ ਵੋਟ ਪਾ ਕੇ ਆਇਆ ਹਾਂ
ਉੱਥੇ ਹੀ ਲੋਕ ਸਭਾ ’ਚੋਂ ਬਾਹਰ ਆ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਇਕ ਪਾਰਟੀ ਹੋਣ ਦੇ ਨਾਤੇ, ਉਹ ਉਸ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰ ਸਕਦੇ ਜੋ ਦੇਸ਼, ਖਾਸ ਕਰ ਕੇ ਪੰਜਾਬ ਵਿੱਚ ਅੰਨਦਾਤਾ ਦੇ ਹਿੱਤ ਦੇ ਵਿਰੋਧ ਵਿੱਚ ਹੋਵੇ।
ਉਹਨਾਂ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਆਰਡੀਨੈਂਸ ਡਰਾਫਟ ਕਰਦੇ ਸਮੇਂ ਅਕਾਲੀ ਦਲ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਅਕਾਲੀ ਦਲ ਨੇ ਸੰਸਦ ਵਿਚ ਆਰਡੀਨੈਂਸ ਨੂੰ ਲੈ ਕੇ ਭਾਜਪਾ ਦੇ ਵਿਰੁੱਧ ਵੋਟ ਦਿੱਤੀ।
