ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡੀਜ਼ਲ ‘ਤੇ ਵੈਟ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਬਾਅਦ ਰਾਜਧਾਨੀ ‘ਚ ਡੀਜ਼ਲ ਸਸਤਾ ਹੋ ਗਿਆ ਹੈ। ਕੈਬਨਿਟ ਨੇ ਡੀਜ਼ਲ ‘ਤੇ ਵੈਟ 30 ਫ਼ੀਸਦੀ ਤੋਂ ਘਟਾ ਕੇ 16.75 ਫ਼ੀਸਦੀ ਕਰ ਦਿੱਤਾ ਹੈ। ਵੈਟ ਘਟਾਉਣ ਕਾਰਨ ਦਿੱਲੀ ‘ਚ ਡੀਜ਼ਲ ਹੁਣ 8.36 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ। ਡੀਜ਼ਲ ਦੀ ਕੀਮਤ ਪਹਿਲਾਂ 82 ਰੁਪਏ ਸੀ, ਜੋ ਹੁਣ ਘਟ ਕੇ 73.64 ਰੁਪਏ ਪ੍ਰਤੀ ਲਿਟਰ ਪਹੁੰਚ ਗਈ ਹੈ।
ਮੌਜੂਦਾ ਸਮੇਂ ਦਿੱਲੀ ‘ਚ ਪੈਟਰੋਲ 81.94 ਰੁਪਏ ਪ੍ਰਤੀ ਲਿਟਰ ਹੈ। ਮੁੱਖ ਮੰਤਰੀ ਅਰਵਿਦ ਕੇਜਰੀਵਾਲ ਨੇ ਦੱਸਿਆ ਕਿ ਵੀਰਵਾਰ ਨੂੰ ਦਿੱਲੀ ਕੈਬਨਿਟ ਦੀ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕਈ ਲੋਕਾਂ, ਖ਼ਾਸ ਤੌਰ ‘ਤੇ ਵਪਾਰੀਆਂ ਦੀ ਸ਼ਿਕਾਇਤ ਸੀ ਕਿ ਦਿੱਲੀ ‘ਚ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਕੇਜਰਵੀਲ ਨੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਸੋਸ਼ਲ ਡਿਸਟੈਂਸਿੰਗ ਸਮੇਤ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੰਮ ਸ਼ੁਰੂ ਕਰਨ। ਭਾਰਤ ‘ਚ ਪੈਟਰੋਲ ਪੰਪ ‘ਤੇ ਤੁਹਾਡੇ ਵੱਲੋਂ ਭੁਗਤਾਨ ਕੀਤੇ ਜਾਣ ਵਾਲੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਅੰਤਰਰਾਸ਼ਟਰੀ ਉਤਪਾਦ ਦੀਆਂ ਕੀਮਤਾਂ ਤੇ ਬਾਜ਼ਾਰ ਦੀਆਂ ਹੋਰ ਸਥਿਤੀਆਂ ‘ਤੇ ਨਿਰਭਰ ਕਰਦੀ ਹੈ। ਪੈਟਰੋਲ ਤੇ ਡੀਜ਼ਲ ਜੀਐੱਸਟੀ ਦੇ ਦਾਇਰੇ ‘ਚ ਨਹੀਂ ਆਉਂਦੇ।
