ਵੜਿੰਗ ਨੇ ਸੁਖਬੀਰ ਬਾਦਲ ’ਤੇ ਲਾਇਆ ਨਿਸ਼ਾਨਾ, ਕਿਹਾ, ਸੀਨਾ ਚੌੜਾ ਕਰਕੇ ਕਹਿਣਾ ਚਾਹੀਦਾ ਸੀ ਮੈਂ ਪੇਸ਼ ਹੋ ਰਿਹਾ

 ਵੜਿੰਗ ਨੇ ਸੁਖਬੀਰ ਬਾਦਲ ’ਤੇ ਲਾਇਆ ਨਿਸ਼ਾਨਾ, ਕਿਹਾ, ਸੀਨਾ ਚੌੜਾ ਕਰਕੇ ਕਹਿਣਾ ਚਾਹੀਦਾ ਸੀ ਮੈਂ ਪੇਸ਼ ਹੋ ਰਿਹਾ

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ। ਇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਸੁਖਬੀਰ ਬਾਦਲ ਤੇ ਨਿਸ਼ਾਨੇ ਲਾਏ ਗਏ ਹਨ। ਸੰਮਨ ਨਾ ਮਿਲਣ ਦਾ ਕਹਿ ਕੇ ਪੇਸ਼ ਨਾ ਹੋਣ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਦ ਸਭ ਕੁਝ ਮੀਡੀਆ ਰਾਹੀਂ ਸਾਹਮਣੇ ਆ ਗਿਆ ਸੀ ਕਿ ਸੰਮਨ ਭੇਜੇ ਗਏ ਹਨ ਫਿਰ ਵੀ ਇਹ ਕਹਿਣਾ ਕਿ ਸੰਮਨ ਨਹੀਂ ਮਿਲੇ, ਇਹ ਕਹਿਣਾ ਠੀਕ ਨਹੀਂ।

ਉਹਨਾਂ ਕਿਹਾ ਕਿ, ਸੁਖਬੀਰ ਬਾਦਲ ਨੂੰ ਤਾਂ ਛਾਤੀ ਚੌੜੀ ਕਰਕੇ ਕਹਿਣਾ ਚਾਹੀਦਾ ਸੀ ਕਿ ਮੈਂ ਪੇਸ਼ ਹੋ ਰਿਹਾ ਹਾਂ। ਦੱਸ ਦਈਏ ਕਿ ਸੁਖਬੀਰ ਬਾਦਲ ਨੂੰ ਅੱਜ ਐਸਆਈਟੀ ਸਾਹਮਣੇ ਪੇਸ਼ ਹੋਣ ਦੇ ਸੰਮਨ ਸਨ ਪਰ ਉਹਨਾਂ ਨੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੂੰ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਐਸਆਈਟੀ ਨੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਕੀਤੀ ਸੀ।

ਸੰਮਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਸਵੇਰੇ 10:30 ਵਜੇ ਸੈਕਟਰ 32 ਸਥਿਤ ਪੰਜਾਬ ਪੁਲਿਸ ਹੈੱਡਕੁਆਟਰ ਵਿਖੇ ਪੇਸ਼ ਹੋਣਾ ਸੀ। ਅਕਤੂਬਰ 2015 ਵਿੱਚ ਫਰੀਦਕੋਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿੱਲਰੇ ਹੋਏ ਮਿਲੇ ਸਨ। ਜਿਸ ਤੋਂ ਬਾਅਦ ਸਿੱਖਾਂ ਨੇ ਵਿਰੋਧ ਕੀਤਾ ਸੀ। ਕੋਟਕਪੂਰਾ ਗੋਲੀ ਕਾਂਡ ਸਾਲ 2015 ਦੀ ਹੈ।

ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਜਦੋਂ ਇਹ ਗੋਲੀਬਾਰੀ ਹੋਈ ਤਾਂ ਉਸ ਸਮੇਂ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ। ਉਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ। ਐਸਆਈਟੀ ਉਨ੍ਹਾਂ ਤੋਂ ਪੁੱਛਣਾ ਚਾਹੁੰਦੀ ਹੈ ਕਿ ਸਿੱਖਾਂ ‘ਤੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ? ਇਸ ਮਾਮਲੇ ਵਿੱਚ ਤਤਕਾਲੀ ਡੀਜੀਪੀ ਸੁਮੇਧ ਸੈਣੀ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

Leave a Reply

Your email address will not be published.