ਵੇਰਕਾ ਦੁੱਧ ਦੀਆਂ ਕੀਮਤਾਂ ਵਧਣ ’ਤੇ ਰਾਜਾ ਵੜਿੰਗ ਨੇ ਕੇਂਦਰ ਦੇ ਨਾਲ-ਨਾਲ ਸੀਐਮ ਮਾਨ ’ਤੇ ਲਾਇਆ ਨਿਸ਼ਾਨਾ

 ਵੇਰਕਾ ਦੁੱਧ ਦੀਆਂ ਕੀਮਤਾਂ ਵਧਣ ’ਤੇ ਰਾਜਾ ਵੜਿੰਗ ਨੇ ਕੇਂਦਰ ਦੇ ਨਾਲ-ਨਾਲ ਸੀਐਮ ਮਾਨ ’ਤੇ ਲਾਇਆ ਨਿਸ਼ਾਨਾ

ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਜਿੱਥੇ ਕਾਂਗਰਸ ਦੇਸ਼ਭਰ ਵਿੱਚ ਪ੍ਰਦਰਸ਼ਨ ਕਰ ਰਹੀ ਹੈ, ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਹਮਲਾ ਬੋਲਿਆ ਹੈ। ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰ ਪੰਜਾਬ ਸਰਕਾਰ ਤੇ ਨਿਸ਼ਾਨਾ ਲਾਇਆ ਹੈ।

ਉਹਨਾਂ ਕਿਹਾ ਕਿ, ਕੇਂਦਰ ਸਰਕਾਰ ਦੀ ਆਰਥਿਕਤਾ ਦੇ ਕੁਪ੍ਰਬੰਧਨ ਕਾਰਨ ਦਿਨੋ-ਦਿਨ ਵਧ ਰਹੀ ਮਹਿੰਗਾਈ ਕਾਫੀ ਨਹੀਂ ਸੀ ਕਿ ਪੰਜਾਬ ਸਰਕਾਰ ਨੇ ਵੀ ਵੇਰਕਾ ਦੁੱਧ ਦੀਆਂ ਕੀਮਤਾਂ ਵਧਾ ਕੇ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਇਹ ਆਮ ਆਦਮੀ ਕੋਲ ਆਖਰੀ ਤਿਣਕਾ ਵਾਲੀ ਕਹਾਵਤ ਸੱਚ ਹੋ ਰਹੀ ਹੈ। ਦੱਸ ਦਈਏ ਕਿ ਅਮੂਲ ਤੋਂ ਬਾਅਦ ਪੰਜਾਬ ਦੇ ਸਭ ਤੋਂ ਵੱਡੇ ਦੁੱਧ ਉਤਪਾਦਕਾਂ ਵਿੱਚੋਂ ਇੱਕ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ ਅਤੇ ਨਵੀਆਂ ਦਰਾਂ ਸ਼ੁੱਕਰਵਾਰ ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ।


ਦੁੱਧ ਦੀਆਂ ਵਧੀਆਂ ਕੀਮਤਾਂ ਦਾ ਅਸਰ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਅਤੇ ਪੰਚਕੂਲਾ ਤੇ ਵੀ ਪਵੇਗਾ। ਵੇਰਕਾ ਸੂਬੇ ਵਿੱਚ ਹਰ ਰੋਜ਼ 12 ਲੱਖ ਲੀਟਰ ਦੁੱਧ ਵੇਚਦਾ ਹੈ। ਅਮੂਲ ਅਤੇ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਹੁਣ ਵੇਰਕਾ ਨੇ ਵੀ 2 ਰੁਪਏ ਦੁੱਧ ਦਾ ਰੇਟ ਵਧਾਉਣ ਦਾ ਫ਼ੈਸਲਾ ਕੀਤਾ ਹੈ। ਵੇਰਕਾ ਨੇ ਪਿਛਲੇ ਮਹੀਨੇ ਦਹੀਂ, ਮੱਖਣ ਅਤੇ ਦੇਸੀ ਘਿਓ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਕੰਪਨੀ ਮੈਨੇਜਮੈਂਟ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਪਿੱਛੇ ਲਾਗਤ ਵਿੱਚ ਵਾਧਾ ਹੋਣਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।

ਨਵੀਆਂ ਕੀਮਤਾਂ ਮੁਤਾਬਕ ਹੁਣ ਸਟੈਂਡਰਡ ਅੱਧਾ ਲੀਟਰ ਦੁੱਧ 28 ਰੁਪਏ ਵਿੱਚ, ਇੱਕ ਲੀਟਰ 55 ਰੁਪਏ ਵਿੱਚ, ਡੇਢ ਲੀਟਰ ਦੁੱਧ ਦਾ ਪੈਕੇਟ 80 ਰੁਪਏ ਵਿੱਚ, ਅੱਧਾ ਲੀਟਰ ਡਬਲ ਟੋਨਡ ਦੁੱਧ 23 ਰੁਪਏ ਵਿੱਚ ਮਿਲੇਗਾ। ਪੂਰੀ ਕਰੀਮ ਅੱਧਾ ਲੀਟਰ ਦੁੱਧ ਲਈ 31 ਰੁਪਏ ਅਤੇ ਇੱਕ ਲੀਟਰ ਲਈ 61 ਰੁਪਏ ਮਿਲੇਗਾ। ਅੱਧਾ ਲੀਟਰ ਗਾਂ ਦੇ ਦੁੱਧ ਦੀ ਕੀਮਤ 26 ਰੁਪਏ ਹੋਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ।

Leave a Reply

Your email address will not be published.