ਵਿਸ਼ਵ ਵਾਤਾਵਰਨ ਦਿਵਸ: ਮੌਜੂਦਾ ਸਮੇਂ ਦੀ ਮੰਗ, ਜ਼ਿਆਦਾ ਤੋਂ ਜ਼ਿਆਦਾ ਲਾਏ ਜਾਣ ਦਰੱਖ਼ਤ

ਸਕੂਲਾਂ ਵਿੱਚ ਪਹਿਲੇ ਦਿਨ ਤੋਂ ਹੀ ਕੁਦਰਤ ਨਾਲ ਜੁੜੀਆਂ ਚੀਜ਼ਾਂ ਦੀ ਸਾਂਭ-ਸੰਭਾਲ ਨੂੰ ਲੈ ਕੇ ਜਾਗਰੂਕ ਕਰਵਾਇਆ ਜਾਂਦਾ ਹੈ। ਅੱਜ ਮਨੁੱਖ ਲਈ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਵਾਤਾਵਾਰਨ ਦਾ ਅਣਸੁਖਾਵਾਂ ਹੋਣਾ ਹੈ। ਤਿੰਨ ਗਲੋਬਲ ਏਜੰਸੀਆਂ ਦੇ ਰਿਕਾਰਡ ਮੁਤਾਬਕ 2019 ਦੇ ਅੰਤ ਹੋਣ ਨਾਲ ਹੀ ਪਿਛਲੇ 10 ਸਾਲਾਂ ਨੂੰ ਸਭ ਤੋਂ ਗਰਮ ਦਹਾਕੇ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਸ ਕੋਰੋਨਾ ਵਰਗੀ ਮਹਾਮਾਰੀ ਦੇ ਇਸ ਦੌਰ ’ਚ ਇਨਸਾਨ ਆਪਣੇ ਜੀਵਨ ਦੀ ਰੱਖਿਆ ਲਈ ਚਿੰਤਤ ਹੈ। ਇਨਸਾਨ ਨੂੰ ਭੁਲ-ਭੁਲੇਖੇ ’ਚ ਹੀ ਸਹੀ, ਇਹ ਮਹਾਮਾਰੀ ਇਕ ਸਿੱਖਿਆ ਵੀ ਦੇ ਰਹੀ ਹੈ ਕਿ ਸਾਨੂੰ ਆਪਣੇ ਚੌਗਿਰਦੇ ਨੂੰ ਕਿਸ ਤਰ੍ਹਾਂ ਸੁਰੱਖਿਅਤ ਰੱਖਣਾ ਚਾਹੀਦਾ ਹੈ।
ਆਪਣੀਆਂ ਸੁੱਖ ਸਹੂਲਤਾਂ ਅਤੇ ਵਿਕਾਸ ਦੀ ਆੜ ’ਚ ਜੇ ਚੌਗਿਰਦੇ ਨੂੰ ਸੰਤੁਲਿਤ ਬਣਾ ਕੇ ਅਸੀਂ ਨਹੀਂ ਰੱਖਦੇ ਤਾਂ ਸਾਨੂੰ ਅਜਿਹੀਆਂ ਹੀ ਮਹਾਮਾਰੀਆਂ, ਭੂਚਾਲ, ਹੜ੍ਹ, ਸਮੁੰਦਰੀ ਤੂਫਾਨ ਅਤੇ ਪਰਲੋ ਵਰਗੀਆਂ ਆਫਤਾਂ ਨਾਲ ਮੁਕਾਬਲਾ ਕਰਨਾ ਪੈ ਸਕਦਾ ਹੈ। ਇਹ ਸਮਾਂ ਸਾਡੇ ਸਾਰਿਆਂ ਦੇ ਜਾਗਣ ਦਾ ਹੈ। ਆਪਣੀ ਆਵਾਜ਼ ਨੂੰ ਉਠਾਉਣ ਦਾ ਵੀ ਇਹੀ ਸਮਾਂ ਹੈ। ਧਰਤੀ ਨੂੰ ਮੁੜ ਤੋਂ ਸਵਰਗ ਵੀ ਹੁਣ ਬਣਾਇਆ ਜਾ ਸਕਦਾ ਹੈ।

ਵਿਸ਼ਵ ਵਾਤਾਵਰਣ ਦਾ ਇਤਿਹਾਸ
ਵਿਸ਼ਵ ਵਾਤਾਵਰਣ ਦਿਵਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਵੱਲੋਂ ਸਾਲ 1972 ਵਿੱਚ ਕੀਤੀ ਗਈ ਸੀ। ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ। ਦੁਨੀਆ ਦਾ ਪਹਿਲਾ ਵਾਤਾਵਰਣ ਸੰਮੇਲਨ ਇਸ ਦਿਨ ਇੱਥੇ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਭਾਰਤ ਦੇ ਪੱਖ ਤੋਂ ਹਿੱਸਾ ਲਿਆ ਸੀ। ਇਸ ਪ੍ਰੋਗਰਾਮ ਦੌਰਾਨ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੀ ਨੀਂਹ ਵੀ ਰੱਖੀ ਗਈ ਸੀ।
ਇਸ ਤੋਂ ਬਾਅਦ ਹਰ ਸਾਲ ਵਿਸ਼ਵ ਵਾਤਾਵਰਣ ਦਿਵਸ ਦੇ ਆਯੋਜਨ ਲਈ ਮਤਾ ਲਿਆ ਗਿਆ। ਜੀਵ ਵਿਭਿੰਨਤਾ ਤੋਂ ਭਾਵ ਧਰਤੀ ਉੱਪਰ ਮਿਲਣ ਵਾਲੇ ਜੰਤੂਆਂ ਤੇ ਪੌਦਿਆਂ ਦੀਆਂ ਵੱਖ-ਵੱਖ ਕਿਸਮਾਂ ਹਨ। ਧਰਤੀ ਤੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਤੇ ਜੀਵ-ਜੰਤੂ ਕੁਦਰਤੀ ਰੂਪ ਵਿੱਚ ਨਿਵਾਸ ਕਰਦੇ ਹਨ। ਜੀਵ ਵਿਭਿੰਨਤਾ ਸ਼ਬਦ ਆਮ ਤੌਰ ਤੇ ਕੁਦਰਤੀ ਜਾਂ ਜੈਵਿਕ ਧਨ ਲਈ ਵਰਤਿਆ ਜਾਂਦਾ ਹੈ ਜਿਸ ਵਿੱਚ ਮਨੁੱਖ ਸਮੇਤ ਸਾਰੇ ਜੀਵ-ਜੰਤੂ ਅਤੇ ਰੁੱਖ ਅਤੇ ਪੌਦੇ ਸ਼ਾਮਲ ਹਨ।
ਘਰਾਂ ਵਿੱਚ ਵਰਤੇ ਜਾਣ ਵਾਲੇ ਪਾਣੀ ਦੀ ਟੈਂਕੀ ਤੇ ਆਟੋ ਕੱਟ ਦਾ ਸਿਸਟਮ ਜ਼ਰੂਰ ਲਾਉਣਾ ਚਾਹੀਦਾ ਹੈ ਤਾਂ ਜੋ ਪਾਣੀ ਦੀ ਟੈਂਕੀ ਭਰਨ ਤੇ ਮੋਟਰ ਅਪਣੇ ਆਪ ਬੰਦ ਹੋ ਜਾਵੇ। ਇਹ ਸਿਸਟਮ 700-800 ਰੁਪਏ ਵਿੱਚ ਲਗ ਜਾਂਦਾ ਹੈ। 99 ਫ਼ੀਸਦੀ ਘਰਾਂ ਵਿੱਚ ਟੈਂਕੀ ਭਰ ਜਾਣ ਤੇ ਪਾਣੀ ਫਜ਼ੂਲ ਵਗਦਾ ਰਹਿੰਦਾ ਹੈ। ਇਕ ਘਰ ਦੀ ਟੈਂਕੀ ਰਾਹੀਂ ਇੱਕ ਸਾਲ ਵਿੱਚ ਹਜ਼ਾਰਾਂ ਲੀਟਰ ਪਾਣੀ ਬੇਕਾਰ ਚਲਾ ਜਾਂਦਾ ਹੈ। ਸ਼ਾਵਰ ਦੀ ਥਾਂ ਬਾਲਟੀ ਵਿੱਚ ਪਾਣੀ ਭਰ ਕੇ ਨਹਾਉਣਾ ਚਾਹੀਦਾ ਹੈ। ਜੇ ਸ਼ਾਵਰ ਨਾਲ ਹੀ ਨਹਾਉਣਾ ਹੈ ਤਾਂ ਇਕ ਮਿੰਟ ਸ਼ਾਵਰ ਨੂੰ ਘੱਟ ਕਰ ਕੇ ਤੁਸੀਂ ਮਹੀਨੇ ਵਿੱਚ 500 ਲੀਟਰ ਪਾਣੀ ਬਚਾ ਸਕਦੇ ਹੋ।
ਟਿਸ਼ੂ ਪੇਪਰ ਬਣਾਉਣ ਲਈ ਦੁਨੀਆ ਵਿੱਚ ਹਰ ਸਾਲ ਲੱਖਾਂ ਰੁੱਖਾਂ ਦੀ ਬਲੀ ਦਿੱਤੀ ਜਾਂਦੀ ਹੈ। ਟਿਸ਼ੂ ਪੇਪਰ ਦੀ ਵਰਤੋਂ ਬਹੁਤ ਘੱਟ ਕਰੋ। ਪਾਲੀਥੀਨ ਨੂੰ ਨਾਂਹ ਕਰੋ। ਕੱਪੜੇ ਦੇ ਬਣੇ ਥੈਲਿਆਂ ਦੀ ਵਰਤੋਂ ਕਰੋ। ਵੱਧ ਤੋਂ ਵੱਧ ਰੁੱਖ ਲਾਓ। ਦੁਨੀਆ ਦੀ ਗੱਲ ਕਰੀਏ ਤਾਂ ਹਰ ਇਨਸਾਨ ਲਈ ਔਸਤ 422 ਰੁੱਖ ਬਚੇ ਹਨ।
ਜੇ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਇੱਕ ਭਾਰਤ ਲਈ ਸਿਰਫ 28 ਰੁੱਖ ਹੀ ਬਚੇ ਹਨ। ਪਿੱਪਲ, ਬੋਹੜ, ਨਿੰਮ ਅਤੇ ਫਲਦਾਰ ਰੁੱਖ ਲਾਉਣੇ ਚਾਹੀਦੇ ਹਨ। ਸਜਾਵਟੀ ਰੁੱਖ, ਸਫੈਦਾ ਅਤੇ ਪਾਮ ਆਦਿ ਤਾਂ ਜ਼ਮੀਨ ਨੂੰ ਪਾਣੀ ਰਹਿਤ ਕਰ ਦਿੰਦੇ ਹਨ। ਜਿੱਥੋਂ ਤਕ ਸੰਭਵ ਹੋ ਸਕੇ, ਕਾਗਜ਼ ਲਿੱਖਣ ਲਈ ਦੋਹਾਂ ਪਾਸਿਆਂ ਤੋਂ ਵਰਤਿਆ ਜਾਵੇ ਕਿਉਂਕਿ ਦੁਨੀਆ ’ਚ ਕਰੋੜਾਂ ਰੁੱਖ ਕਾਗਜ਼ ਬਣਾਉਣ ਲਈ ਹਰ ਸਾਲ ਵੱਢ ਦਿੱਤੇ ਜਾਂਦੇ ਹਨ।
