ਵਿਧਾਨ ਸਭਾ ‘ਚ ‘ਆਪ’ ਦੇ 92 ਵਿਧਾਇਕ ਪਰ ਭਰੋਸਗੀ ਮਤੇ ਨੂੰ ਪਏ 93 ਵੋਟ, ਛਿੜਿਆ ਵਿਵਾਦ!

 ਵਿਧਾਨ ਸਭਾ ‘ਚ ‘ਆਪ’ ਦੇ 92 ਵਿਧਾਇਕ ਪਰ ਭਰੋਸਗੀ ਮਤੇ ਨੂੰ ਪਏ 93 ਵੋਟ, ਛਿੜਿਆ ਵਿਵਾਦ!

ਆਮ ਆਦਮੀ ਪਾਰਟੀ ਦੇ ਸਪੀਕਰ ਸਮੇਤ 92 ਵਿਧਾਇਕ ਹਨ ਪਰ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਭਰੋਸਗੀ ਮਤੇ ਤੇ ਪਾਰਟੀ ਨੂੰ 93 ਵੋਟ ਪੈ ਗਏ। ਇਸ ਤੋਂ ਬਾਅਦ ਚਰਚਾ ਛਿੜ ਗਈ ਕਿ 92 ਵਿਧਾਇਕ ਹੋਣ ਦੇ ਬਾਵਜੂਦ 93 ਵੋਟ ਕਿਵੇਂ ਪੈ ਸਕਦੇ ਹਨ। ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਵੋਟ ਵੀ ਜੋੜ ਲਈ ਜੋ ਗਲਤ ਹੈ।

Image

ਦੱਸ ਦਈਏ ਕਿ ਪੰਜਾਬ ਅਸੈਂਬਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਭਰੋਸਗੀ ਮਤੇ ਨੂੰ ਸੋਮਵਾਰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਜਦੋਂ ਮਤੇ ਤੇ ਵੋਟਿੰਗ ਹੋ ਰਹੀ ਸੀ ਤਾਂ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕਰ ਲਿਆ। ਹਾਕਮ ਪਾਰਟੀ ਆਪ ਦੇ 91 ਵਿਧਾਇਕਾਂ ਨੇ ਮਤੇ ਦੇ ਹੱਕ ਵਿੱਚ ਹੱਥ ਖੜ੍ਹੇ ਕੀਤੇ। ਮਤੇ ਨੂੰ 93 ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ।

ਇਸ ਤੋਂ ਬਾਅਦ ਨਵੀਂ ਚਰਚਾ ਛਿੜ ਗਈ। ਮਤੇ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੋਈ ਹੈ ਤੇ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਖਰੀਦਣ ਦੀਆਂ ਕੋਝੀਆਂ ਚਾਲਾਂ ਚੱਲਣ ਵਾਲੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਮਿਲਿਆ ਹੈ।

ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਭਰੋਸਗੀ ਮਤਾ ਇਹ ਦੱਸਣ ਲਈ ਲਿਆਂਦਾ ਗਿਆ ਸੀ ਕਿ ਸਰਕਾਰ ਵਿੱਚ ਲੋਕਾਂ ਦਾ ਪੂਰਨ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਸੱਤਾ ਹਥਿਆ ਕੇ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਮਾਏਦਾਰਾਂ ਤੇ ਤਾਕਤਵਰ ਲੋਕਾਂ ਨੇ ਜਮਹੂਰੀਅਤ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।

Leave a Reply

Your email address will not be published.