ਵਿਧਾਨ ਸਭਾ ਚੋਣਾਂ ਭਾਜਪਾ ਲਈ ਲਈ ਬਣ ਸਕਦੀਆਂ ਨੇ ਖਤਰਾ! ਕਿਸਾਨਾਂ ਨੇ ਖਿੱਚੀ ਤਿਆਰੀ

ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸਾਹਮਣੇ ਕਿਸਾਨ ਵੱਡੀ ਚੁਣੌਤੀ ਖੜ੍ਹੀ ਕਰ ਸਕਦੇ ਹਨ। ਪੰਜਾਬ, ਉੱਤਰ ਪ੍ਰਦੇਸ਼ ਵਿੱਚ ਅਜੇ ਵੀ ਕਿਸਾਨਾਂ ਦੇ ਮਸਲੇ ਵੱਡੇ ਮੁੱਦੇ ਬਣੇ ਹੋਏ ਹਨ। ਹੁਣ ਪੰਜ ਰਾਜਾਂ ਵਿੱਚ ਚੋਣ ਜ਼ਾਬਤਾ ਲੱਗਣ ਮਗਰੋਂ ਕਿਸਾਨਾਂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਰਾਹ ਸੁਖਾਲਾ ਨਹੀਂ ਹੋਵੇਗਾ ਕਿਉਂ ਕਿ ਕੇਂਦਰ ਸਰਕਾਰ ਨੇ ਅਜੇ ਉਹਨਾਂ ਦੀਆਂ ਕਈ ਅਹਿਮ ਮੰਗਾਂ ਨਹੀਂ ਮੰਨੀਆਂ।

ਇਹਨਾਂ ਵਿੱਚ ਐਮਐਸਪੀ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਸ਼ਾਮਲ ਹੈ। ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਵਿੱਚ ਕੇਂਦਰੀ ਮੰਤਰੀ ਦਾ ਪੁੱਤਰ ਮੁੱਖ ਮੁਲਜ਼ਮ ਹੈ। ਇਸ ਤੋਂ ਸਪਸ਼ਟ ਹੈ ਕਿ ਚੋਣਾਂ ਵਿੱਚ ਕਿਸਾਨ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹਨ। ਉਹਨਾਂ ਕਿਹਾ ਕਿ, ਸੰਯੁਕਤ ਕਿਸਾਨ ਮੋਰਚਾ 15 ਜਨਵਰੀ ਨੂੰ ਮੀਟਿੰਗ ਕਰਕੇ ਬਕਾਇਆ ਮੰਗਾਂ ਦੀ ਸਮੀਖਿਆ ਕਰੇਗਾ ਅਤੇ ਅਗਲੇ ਕਦਮਾਂ ਬਾਰੇ ਫ਼ੈਸਲਾ ਲਵੇਗਾ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਤਰੀਕਾਂ ਐਲਾਨ ਦਿੱਤੀਆਂ ਹਨ, ਹੁਣ ਕੋਈ ਨਵਾਂ ਕੰਮ ਨਹੀਂ ਹੋ ਸਕੇਗਾ ਤੇ ਕਿਸਾਨਾਂ ਦੀਆਂ ਕੁਝ ਮੁੱਖ ਮੰਗਾਂ ਅਜੇ ਬਕਾਇਆ ਹਨ। ਸਰਕਾਰ ਨੇ ਨਾ ਤਾਂ ਐਮਐਸਪੀ ਉਤੇ ਕਾਨੂੰਨੀ ਗਾਰੰਟੀ ਦਿੱਤੀ ਹੈ ਤੇ ਨਾ ਹੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਕੈਬਨਿਟ ’ਚੋਂ ਬਾਹਰ ਕੀਤਾ ਹੈ। ਲੋਕ ਭਾਜਪਾ ਤੋਂ ਖ਼ੁਸ਼ ਨਹੀਂ ਹਨ ਤੇ ਇਹ ਮੁੱਦੇ ਅਗਾਮੀ ਪੰਜਾਬ ਤੇ ਯੂਪੀ ਚੋਣਾਂ ਵਿਚ ਫੈਸਲਾਕੁਨ ਭੂਮਿਕਾ ਅਦਾ ਕਰਨਗੇ। ਦੱਸ ਦਈਏ ਕਿ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੰਜਾਬ ਵਿਚ 14 ਫਰਵਰੀ ਨੂੰ ਚੋਣਾਂ ਹੋਣਗੀਆਂ ਅਤੇ 10 ਮਾਰਚ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਪੰਜ ਸੂਬਿਆਂ ਵਿਚ 7 ਪੜਾਅ ਵਿਚ ਚੋਣਾਂ ਹੋਣਗੀਆਂ। ਪੰਜਾਬ ਵਿਚ ਦੂਜੇ ਗੇੜ ਵਿਚ ਚੋਣਾਂ ਪੈਣਗੀਆਂ। ਪੰਜਾਬ ਵਿਚ ਦੂਜੇ ਗੇੜ ਵਿਚ ਚੋਣਾਂ ਲਈ 21 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ।
28 ਜਨਵਰੀ ਤੱਕ ਨਾਮਜ਼ਦਗੀ ਦਾਖਲ ਕੀਤੀ ਜਾ ਸਕੇਗੀ, ਜਾਂਚ 29 ਜਨਵਰੀ ਨੂੰ ਅਤੇ 31 ਜਨਵਰੀ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕੇਗੀ। ਚੋਣ ਕਮਿਸ਼ਨ ਦੇ ਐਲਾਨ ਦੇ ਨਾਲ ਹੀ ਪੰਜਾਬ ਵਿਚ ਚੋਣ ਜ਼ਾਬਤਾ ਲੱਗ ਗਿਆ ਹੈ।
