ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਲਿਆ ਵੱਡਾ ਫ਼ੈਸਲਾ, ਖੇਡੇਗੀ ਨਵਾਂ ਦਾਅ?

ਕਾਂਗਰਸ ਵਿੱਚ ਸੀਐਮ ਚਿਹਰੇ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਹੁਣ ਇਸ ਤੇ ਕਾਂਗਰਸ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਕਾਂਗਰਸ ਨੇ ਕਿਹਾ ਕਿ, ਪੰਜਾਂ ਸੂਬਿਆਂ ਦੀਆਂ ਚੋਣਾਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਬਿਨਾਂ ਹੀ ਲੜੀਆਂ ਜਾਣਗੀਆਂ। ਪਾਰਟੀ ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਬਾਰੇ ਫ਼ੈਸਲਾ ਚੋਣ ਨਤੀਜਿਆਂ ਤੋਂ ਬਾਅਦ ਲਿਆ ਜਾਵੇਗਾ।

ਚੋਣਾਂ ਮਗਰੋਂ ਕਾਂਗਰਸ ਵਿਧਾਇਕ ਦਲ ਹਾਈ ਕਮਾਨ ਨਾਲ ਵਿਚਾਰ ਚਰਚਾ ਮਗਰੋਂ ਨਵੇਂ ਆਗੂ ਦਾ ਫ਼ੈਸਲਾ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਨੇ ਇਹ ਫ਼ੈਸਲਾ ਪਾਰਟੀ ਅੰਦਰਲੇ ਵਿਵਾਦ ਨੂੰ ਠੱਲ੍ਹ ਪਾਉਣ ਲਈ ਲਿਆ ਹੈ। ਪੰਜਾਬ ਤੇ ਉਤਰਾਖੰਡ ਵਿੱਚ ਮੁੱਖ ਮੰਤਰੀ ਦੀ ਚਿਹਰੇ ਨੂੰ ਲੈ ਕੇ ਕਾਫ਼ੀ ਖਿਚੋਤਾਣ ਚੱਲ ਰਹੀ ਹੈ। ਪਾਰਟੀ ਹਾਈਕਮਾਨ ਚੋਣਾਂ ਵਿਚਕਾਰ ਹੋਰ ਵਿਵਾਦ ਖੜ੍ਹਾ ਕਰਨ ਤੋਂ ਡਰ ਰਹੀ ਹੈ।
ਉਧਰ, ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਹਮਾਇਤੀ ਚਾਹੁੰਦੇ ਹਨ ਕਿ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨੇ ਪਰ ਪਾਰਟੀ ਦਾ ਕਹਿਣਾ ਹੈ ਕਿ ਉਹ ਚੋਣਾਂ ਦੇ ਮੱਦੇਨਜ਼ਰ ਹੋਰਨਾਂ ਧੜਿਆਂ ਨੂੰ ਨਾਰਾਜ਼ ਕਰਨ ਦਾ ਜੋਖਮ ਨਹੀਂ ਲੈਣਾ ਚਾਹੁੰਦੀ। ਪੰਜਾਬ ’ਚ ਮੁੜ ਸੱਤਾ ’ਚ ਆਉਣ ਤੇ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ’ਚ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਕਾਂਗਰਸ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ।
ਉੱਤਰ ਪ੍ਰਦੇਸ਼ ਨੂੰ ਛੱਡ ਕੇ ਤਿੰਨ ਰਾਜਾਂ ਵਿੱਚ ਗੋਆ, ਮਨੀਪੁਰ ਅਤੇ ਉਤਰਾਖੰਡ ਵਿੱਚ ਕਾਂਗਰਸ ਦਾ ਸਿੱਧਾ ਮੁਕਾਬਲਾ ਭਾਜਪਾ ਨਾਲ ਹੈ ਜਦਕਿ ਪੰਜਾਬ ਵਿੱਚ ਕਾਂਗਰਸ ਦਾ ਮੁਕਾਬਲਾ ਅਕਾਲੀ ਦਲ-ਬਸਪਾ ਗਠਜੋੜ ਤੇ ਆਮ ਆਦਮੀ ਪਾਰਟੀ ਨਾਲ ਹੈ। ਗੋਆ ’ਚ ਕਾਂਗਰਸ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਜਿੱਥੇ ਇਸ ਦੇ ਤਕਰੀਬਨ ਸਾਰੇ ਵਿਧਾਇਕ ਪਾਰਟੀ ਛੱਡ ਕੇ ਜਾ ਚੁੱਕੇ ਹਨ।
ਗੋਆ ’ਚ ਪਾਰਟੀ ਕੋਲ ਤਿੰਨ ਸਾਬਕਾ ਮੁੱਖ ਮੰਤਰੀ ਦਿਗਾਂਬਰ ਕਾਮਤ, ਪ੍ਰਤਾਪ ਸਿੰਘ ਰਾਣੇ ਤੇ ਫਰਾਂਸਿਸਕੋ ਸਰਦਿਨਹਾ ਹਨ ਪਰ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਦਾ ਫ਼ੈਸਲਾ ਕੀਤਾ ਹੈ ਹਾਲਾਂਕਿ ਸਰਦਿਨਹਾ ਇਨ੍ਹਾਂ ’ਚੋਂ ਸਭ ਤੋਂ ਅੱਗੇ ਚੱਲ ਰਹੇ ਹਨ।
ਮਨੀਪੁਰ ’ਚ ਵੀ ਕਾਂਗਰਸ ਵੱਡੇ ਸੰਕਟ ’ਚ ਹੈ ਪਰ ਜੇਕਰ ਇੱਥੇ ਪਾਰਟੀ ਚੋਣ ਜਿੱਤ ਕੇ ਸੱਤਾ ’ਚ ਆਉਂਦੀ ਹੈ ਤਾਂ ਓਕਰਾਮ ਇਬੋਬੀ ਸਿੰਘ ਮੁੱਖ ਮੰਤਰੀ ਦੇ ਅਹੁਦੇ ਲਈ ਮੁੜ ਦਾਅਵੇਦਾਰ ਹੋ ਸਕਦੇ ਹਨ ਪਰ ਪਾਰਟੀ ਨੇ ਅਜੇ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਹੈ। ਪਿਛਲੀਆਂ ਚੋਣਾਂ ਦੇ ਨਤੀਜਿਆਂ ਮਗਰੋਂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੇ ਬਾਵਜੂਦ ਕਾਂਗਰਸ ਮਨੀਪੁਰ ਵਿੱਚ ਸਰਕਾਰ ਨਹੀਂ ਬਣਾ ਸਕੀ ਸੀ।
