ਵਿਧਾਇਕ ਫ਼ਤਹਿਜੰਗ ਬਾਜਵਾ ਦੇ ਵਾਰ ਦਾ ਸੁਨੀਲ ਜਾਖੜ ਨੇ ਦਿੱਤਾ ਜਵਾਬ

ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਪਾਰਟੀ ਵਿਧਾਇਕਾਂ ਦੇ ਫਤਹਿਜੰਗ ਬਾਜਵਾ ਅਤੇ ਰਾਕੇਸ਼ ਪਾਂਡੇ ਨੂੰ ਨੌਕਰੀਆਂ ਦੇਣ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਤਰਸ ਦੇ ਅਧਾਰ ‘ਤੇ ਨਿਯੁਕਤੀਆਂ ਦੇਣ ਦਾ ਫੈਸਲਾ ਮੰਤਰੀ ਮੰਡਲ ਦੀ ਬੈਠਕ ‘ਚ ਲਿਆ ਗਿਆ ਸੀ। ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਾਜਵਾ ਪਰਿਵਾਰ ਨੂੰ ਆੜੇ ਹੱਥੀਂ ਲਿਆ।

ਸੁਨੀਲ ਜਾਖੜ ਨੇ ਕਿਹਾ ਕਿ ਬਾਜਵਾ ਪਰਿਵਾਰ ਨੇ ਸਰਕਾਰੀ ਨੌਕਰੀ ਲੈ ਕੇ ਨਾ ਸਿਰਫ਼ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸਗੋਂ ਉਹਨਾਂ ਅਪਣੇ ਮੁੱਖ ਮੰਤਰੀ ਅਤੇ ਅਪਣੀ ਪਾਰਟੀ ਦੀ ਸਾਖ਼ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਅਤੇ ਅਪਣੇ ਪਿਤਾ ਦੇ ਨਾਂਅ ਨੂੰ ਵੀ ਵੱਟਾ ਲਾਇਆ ਹੈ। ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਾਜਵਾ ਪਰਿਵਾਰ ਨੂੰ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ।
ਫਤਹਿਜੰਗ ਬਾਜਵਾ ਨੇ ਪੰਜਾਬ ਕਾਂਗਰਸ ਵਿੱਚ ਭਰਾ-ਭਤੀਜਾਵਾਦ ਨੂੰ ਲੈ ਕੇ ਸਭ ਤੋਂ ਕਰਾਰਾ ਹਮਲਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਕੀਤਾ ਸੀ ਅਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਵੀ ਲਪੇਟੇ ਵਿੱਚ ਲੈ ਲਿਆ ਸੀ। ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵੱਲੋਂ ਅਜੈਵੀਰ ਸਿੰਘ ਜਾਖੜ ਨੂੰ ਲੈ ਕੇ ਚੁੱਕੇ ਸਵਾਲ ਦੇ ਜਵਾਬ ਵਿੱਚ ਸੁਨੀਲ ਜਾਖੜ ਨੇ ਵੀ ਪਲਟਵਾਰ ਕੀਤਾ।
ਉਹਨਾਂ ਕਿਹਾ ਕਿ ਅਜੈਵੀਰ ਨੇ ਪੰਜਾਬ ਸਟੇਟ ਫਾਰਮਰ ਕਮਿਸ਼ਨ ਦੇ ਚੇਅਰਮੈਨ ਅਹੁਦੇ ਤੇ ਰਹਿੰਦਿਆਂ ਅਪਣੇ ਕਾਰਜਕਾਲ ਦੌਰਾਨ ਸਰਕਾਰੀ ਫੰਡ ਵਿਚੋਂ ਇਕ ਵੀ ਪੈਸਾ ਤਨਖ਼ਾਹ ਦੇ ਤੌਰ ਤੇ ਨਹੀਂ ਲਿਆ ਅਤੇ ਨਾ ਹੀ ਕੋਈ ਹੋਰ ਮੁਨਾਫ਼ਾ ਲਿਆ ਹੈ। ਜਾਖੜ ਨੇ ਕਿਹਾ ਕਿ ਬਾਜਵਾ ਪਰਿਵਾਰ ਨੂੰ ਦੂਸਰਿਆਂ ਤੇ ਚਿੱਕੜ ਸੁੱਟਣ ਦੀ ਬਜਾਏ ਸੂਬੇ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।
